ਐਨ ਐਨ ਬੀ
ਇਸਲਾਮਾਬਾਦ – ਭਾਰਤ ਨੇ ਪਾਕਿਸਤਾਨ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਖੇਤਰ ’ਚ ਦੀ ਅਫ਼ਗਾਨਿਸਤਾਨ ਨੂੰ 10 ਲੱਖ ਟਨ ਤੋਂ ਵਧ ਕਣਕ ਬਰਾਮਦ ਕਰਨ ਦੀ ਇਜਾਜ਼ਤ ਦੇਵੇ, ਜਿਸ ਦਾ ਸਥਾਨਕ ਸਨਅਤ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਪਾਕਿਸਤਾਨੀ ਸਨਅਤਕਾਰਾਂ ਨੂੰ ਡਰ ਹੈ ਕਿ ਭਾਰਤ ਦੀ ਕਣਕ ਸਸਤੀ ਹੋਣ ਕਾਰਨ ਉਨ੍ਹਾਂ ਕੋਲੋਂ ਵਿਸ਼ਾਲ ਅਫ਼ਗਾਨ ਬਾਜ਼ਾਰ ਖੁੱਸ ਜਾਵੇਗਾ। ਡਾਨ ਅਖ਼ਬਾਰ ਦੀ ਰਿਪੋਰਟ ਅਨੁਸਾਰ ਭਾਰਤ ਨੇ ਪਾਕਿਸਤਾਨੀ ਰਸਤੇ ਅਫ਼ਗਾਨਿਸਤਾਨ ਨੂੰ ਕਣਕ ਭੇਜਣ ਦੀ ਇਜਾਜ਼ਤ ਦੇਣ ਲਈ ਕਿਹਾ ਹੈ, ਪਰੰਤੂ ਇਸ ਕਾਰੋਬਾਰ ਨਾਲ ਸਬੰਧਿਤ 4 ਸਨਅਤਾਂ ਸਰਕਾਰ ਉੱਪਰ ਇਜਾਜ਼ਤ ਨਾ ਦੇਣ ਲਈ ਦਬਾਅ ਪਾ ਰਹੀਆਂ ਹਨ। ਅਖ਼ਬਾਰ ਅਨੁਸਾਰ ਸਥਾਨਕ ਸਨਅਤ ਨੇ ਨਵਾਜ਼ ਸ਼ਰੀਫ਼ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਸ ਨੇ ਇਜਾਜ਼ਤ ਦਿੱਤੀ ਤਾਂ ਉਹ ਅੰਦੋਲਨ ਸ਼ੁਰੂ ਕਰ ਦੇਣਗੇ। ਡਾਨ ਅਨੁਸਾਰ ਅਫ਼ਗਾਨਿਸਤਾਨ ‘ਚ ਭਾਰਤੀ ਕਣਕ ਪਾਕਿਸਤਾਨੀ ਕਣਕ ਦੀ ਤੁਲਨਾ ‘ਚ 500 ਰੁਪਏ ਪ੍ਰਤੀ ਟਨ ਘੱਟ ਲਾਗਤ ‘ਤੇ ਪਵੇਗੀ ਜਿਸ ਕਾਰਨ ਪਾਕਿਸਤਾਨੀ ਕਾਰੋਬਾਰੀਆਂ ਦੇ ਹੱਥੋਂ ਆਪਣੀ ਰਵਾਇਤੀ ਮਾਰਕੀਟ ਨਿਕਲ ਸਕਦੀ ਹੈ ਜਿਸ ਮਾਰਕੀਟ ‘ਚ ਉਨ੍ਹਾਂ ਦਾ 5 ਲੱਖ ਟਨ ਤੋਂ ਵਧ ਆਟਾ ਖਪਤ ਹੁੰਦਾ ਹੈ। ਇਸ ਸੰਭਾਵੀ ਇਜਾਜ਼ਤ ਕਾਰਨ ਕਿਸਾਨਾਂ ਨੂੰ ਪੁਰਾਣਾ ਡਰ ਵੀ ਸਤਾ ਰਿਹਾ ਹੈ। ਉਨ੍ਹਾਂ ਦਾ ਵਿਚਾਰ ਹੈ ਕਿ ਭਾਰਤੀ ਕਣਕ ਨੂੰ ਬਿਮਾਰੀ ਲੱਗੀ ਹੋਈ ਹੈ, ਜੇਕਰ ਇਹ ਕਣਕ ਦੇਸ਼ ‘ਚ ਦੀ ਅਫ਼ਗਾਨਿਸਤਾਨ ਭੇਜਣ ਦੀ ਇਜਾਜ਼ਤ ਦੇ ਦਿੱਤੀ ਗਈ ਤਾਂ ਇਹ ਬਿਮਾਰੀ ਪਾਕਿਸਤਾਨ ‘ਚ ਵੀ ਫੈਲ ਸਕਦੀ ਹੈ।