ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਤੋਂ ਦਖ਼ਲ ਦੀ ਕੀਤੀ ਮੰਗ
ਐਨ ਐਨ ਬੀ
ਜੰਮੂ – ਭਾਰਤ-ਪਾਕਿ ਸਰਹੱਦ ’ਤੇ ਗੋਲੀਬੰਦੀ ਦੀ ਉਲੰਘਣਾ ਜਾਰੀ ਹੈ। ਭਾਰਤ ਨੇ ਪਾਕਿਸਤਾਨੀ ਫੌਜ ਵੱਲੋਂ 15 ਸਰਹੱਦੀ ਚੌਕੀਆਂ ਅਤੇ ਪਿੰਡਾਂ ਨੂੰ ਨਿਸ਼ਾਨਾ ਬਣਾ ਕੇ ਕੌਮਾਂਤਰੀ ਸਰਹੱਦ ਉਪਰ ਭਾਰੀ ਗੋਲਾਬਾਰੀ ਦੀ ਗੱਲ ਆਖੀ ਹੈ, ਜਦਕਿ ਪਾਕਿਸਤਾਨ ਭਾਰਤ ਦੇ ਖਿਲਾਫ਼ ਕੌਮਾਂਤਰੀ ਦਖ਼ਲ ਤੱਕ ਦੀ ਮੰਗ ਕਰ ਰਿਹਾ ਹੈ। ਭਾਰਤੀ ਸੂਤਰਾਂ ਮੁਤਾਬਕ ਜੰਮੂ ਜ਼ਿਲ੍ਹੇ ’ਚ ਹੋਈ ਗੋਲੀਬਾਰੀ ਕਰਕੇ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚੋਂ ਇਕ ਦੀ ਹਾਲਤ ਨਾਜ਼ੁਕ ਹੈ। ਇਸ ਗੋਲੀਬਾਰੀ ਦਾ ਬੀ ਐਸ ਐਫ ਜਵਾਨਾਂ ਵੱਲੋਂ ਮੂੰਹ ਤੋੜਵਾਂ ਜਵਾਬ ਦੇਣ ਦੀ ਗੱਲ ਵੀ ਭਾਰਤ ਨੇ ਆਖੀ ਹੈ।
ਬੀ ਐਸ ਐਫ ਦੇ ਤਰਜ਼ਮਾਨ ਨੇ ਅੱਜ ਦੱਸਿਆ ਕਿ ਪਾਕਿਸਤਾਨੀ ਰੇਂਜਰਾਂ ਨੇ ਭਾਰੀ ਗੋਲੀਬਾਰੀ ਤੋਂ ਬਾਅਦ ਅਰਨੀਆ ਅਤੇ ਆਰਐਸਪੁਰਾ ਸੈਕਟਰਾਂ ’ਚ ਮੋਰਟਾਰ ਗੋਲੇ ਦਾਗੇ। ਉਨ੍ਹਾਂ ਕਿਹਾ ਕਿ 15 ਮੂਹਰਲੀਆਂ ਚੌਕੀਆਂ ਨੂੰ ਵੀ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਗਈ। ਜੰਮੂ ਦੇ ਜ਼ਿਲ੍ਹਾ ਮੈਜਿਸਟਰੇਟ ਅਜੀਤ ਕੁਮਾਰ ਸਾਹੂ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਨੇ ਕਈ ਸਰਹੱਦੀ ਪਿੰਡਾਂ ’ਚ ਵੀ ਗੋਲੀਬਾਰੀ ਕੀਤੀ। ਇਸ ’ਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ’ਚੋਂ ਜਾਬੋਵਾਲ ਦੇ ਇਕ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਗਈ ਹੈ। ਉਸ ਨੂੰ ਸਰਕਾਰੀ ਮੈਡੀਕਲ ਕਾਲਜ ਹਸਪਤਾਲ ’ਚ ਦਾਖਲ ਕਰਾਇਆ ਗਿਆ ਹੈ।
ਪਾਕਿਸਤਾਨ ਵੱਲੋਂ ਅਰਨੀਆ ਕਸਬੇ ਸਮੇਤ ਪਿੰਡਾਂ ਕੱਕੂ ਦਾ ਕੋਠੇ, ਮਹਾਸ਼ਾ ਕੋਠੇ, ਜਾਬੋਵਾਲ, ਟਰੇਣਾ, ਚਿੰਗੀਆਂ, ਅਲਾ, ਸੀ, ਚੇਨਾਜ਼ ਅਤੇ ਦੇਵੀਗੜ੍ਹ ’ਚ ਭਾਰੀ ਗੋਲਾਬਾਰੀ ਕੀਤੀ ਗਈ। ਪਾਕਿਸਤਾਨ ਦੀ ਇਸ ਨਾਪਾਕ ਹਰਕਤ ਕਰਕੇ ਸਰਹੱਦੀ ਪਿੰਡਾਂ ’ਚ ਕਰਵਾ ਚੌਥ ਦਾ ਤਿਉਹਾਰ ਉਤਸ਼ਾਹ ਨਾਲ ਨਹੀਂ ਮਨਾਇਆ ਗਿਆ। ਸਰਹੱਦੀ ਸੈਕਟਰਾਂ ਸਾਂਬਾ, ਰਾਮਗੜ੍ਹ, ਹੀਰਾਨਗਰ ਅਤੇ ਕਠੂਆ ’ਚ ਸ਼ਾਂਤੀ ਬਣੀ ਰਹੀ ਅਤੇ ਇਨ੍ਹਾਂ ਇਲਾਕਿਆਂ ’ਚੋਂ ਗੋਲਾਬਾਰੀ ਦੀ ਕੋਈ ਰਿਪੋਰਟ ਨਹੀਂ ਹੈ। ਇਸ ਗੋਲਾਬਾਰੀ ’ਚ ਪੰਜ ਘਰਾਂ ਨੂੰ ਨੁਕਸਾਨ ਪਹੁੰਚਿਆ ਸੀ ਅਤੇ ਇਕ ਘਰ ਨੂੰ ਅੱਗ ਲੱਗ ਗਈ ਸੀ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ।
ਇਸਲਾਮਾਬਾਦ – ਪਾਕਿਸਤਾਨ ਨੇ ਕਸ਼ਮੀਰ ਮਸਲੇ ਨੂੰ ਕੌਮਾਂਤਰੀ ਪੱਧਰ ’ਤੇ ਜ਼ੋਰਦਾਰ ਢੰਗ ਨਾਲ ਚੁਕਦਿਆਂ ਸੰਯੁਕਤ ਰਾਸ਼ਟਰ ਦੇ ਮੁਖੀ ਨੂੰ ਚਿੱਠੀ ਲਿਖ ਕੇ ਇਸ ਮਸਲੇ ਨੂੰ ਸੁਲਝਾਉਣ ਦੀ ਮੰਗ ਕੀਤੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਕੌਮੀ ਸੁਰੱਖਿਆ ਸਲਾਹਕਾਰ ਸਰਤਾਜ ਅਜ਼ੀਜ਼ ਨੇ ਬਾਨ ਕੀ ਮੂਨ ਨੂੰ ਚਿੱਠੀ ਲਿਖ ਕੇ ਦੋਸ਼ ਲਾਇਆ ਹੈ ਕਿ ਭਾਰਤ ਪਿਛਲੇ ਕੁਝ ਹਫਤਿਆਂ ਤੋਂ ਗੋਲੀਬੰਦੀ ਦੀ ਉਲੰਘਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ’ਚ ਕੰਟਰੋਲ ਰੇਖਾ ਤੇ ਕੌਮਾਂਤਰੀ ਸਰਹੱਦ ਉਤੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ।