ਮਹਾਰਾਸ਼ਟਰ ’ਚ ਮੋਦੀ ਨੇ ਆਖ਼ਰੀ ਵਕਤ ਕੀਤੇ ਕਾਂਗਰਸ-ਐਨ ਸੀ ਪੀ ’ਤੇ ਜ਼ੋਰਦਾਰ ਹਮਲੇ

0
1190

 

279735-modinightlead04.10.14

ਐਨ ਐਨ ਬੀ

ਨਵੀਂ ਦਿੱਲੀ – ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਦੇ ਸਿਖ਼ਰਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ- ਐਨ ਸੀ ਪੀ ਤੇ ਹੋਰ ਵਿਰੋਧੀਆਂ ਖਿਲਾਫ਼ ਆਲੋਚਨਾ ਦਾ ਪਟਾਰਾ ਸਮੇਟ ਲਿਆ ਹੈ। ਕੱਲ੍ਹ ਸਾਮ ਪੰਜ ਵਜੇ ਗੱਡੀਆਂ ਦੀ ਉਡਾਈ ਗਰਦ ਬੈਠ ਗਈ ਤੇ ਲਾਊਡ ਸਪੀਕਰ ਦਾ ਸ਼ੋਰ ਸ਼ਾਂਤ ਹੋ ਗਿਆ। ਇਹਦੇ ਨਾਲ ਹੀ ਸਿਆਸੀ ਪਾਰਟੀਆਂ ਦੇ ਕਾਡਰ ਨੂੰ ਵੋਟਰਾਂ ਦੇ ਲਘਰੋ-ਘਰੀ ਜਾਣ ਲਈ ਕਮਰਕੱਸੇ ਕਰਨ ਦੇ ਆਹਰ ਵਿੱਚ ਲੱਗ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਵਿੱਚ 20 ਦੇ ਕਰੀਬ ਰੈਲੀਆਂ ਕਰਕੇ ਕਾਂਗਰਸ ਤੇ ਐਨ ਸੀ ਪੀ ਦੀ ਰੱਜਵੀਂ ਆਲੋਚਨਾ ਕੀਤੀ ਅਤੇ ਸਾਬਕਾ ਸਹਿਯੋਗੀ ਸ਼ਿਵ ਸੈਨਾ ਖਿਲਾਫ਼ ਖਾਮੋਸ਼ੀ ਧਾਰਨ ਕਰਨ ਲਈ ‘ਬਾਲ ਠਾਕਰੇ ਨੂੰ ਸ਼ਰਧਾਂਜਲੀ’ ਦਾ ਮੁਖੌਟਾ ਪਾਈ ਰੱਖਿਆ। ਸ਼ਿਵ ਸੈਨਾ ਬਾਲ ਠਾਕਰੇ ਨੂੰ ਸ਼ਰਧਾਂਜਲੀ ਤੇ ਗਠਜੋੜ ਤੋੜਨ ਦੇ ਦਾਗਲੇਪਣ ਲਈ ਭਾਜਪਾ ਨੂੰ ਕੋਸਦੀ ਰਹੀ।
ਮਹਾਰਾਸ਼ਟਰ ਵਿੱਚ ਕਾਂਗਰਸ ਨੇ ਮੁੱਖ ਮੰਤਰੀ ਵਜੋਂ ਪ੍ਰਿਥਵੀ ਰਾਜ ਚਵਾਨ, ਐਨ ਸੀ ਪੀ ਨੇ ਅਜੀਤ ਪਵਾਰ ਤੇ ਸ਼ਿਵ ਸੈਨਾ ਨੇ ਊਧਵ ਠਾਕਰੇ ਨੂੰ ਪ੍ਰਾਜੈਕਟ ਕੀਤਾ, ਜਦਕਿ ਭਾਜਪਾ ਮੋਦੀ ਲਹਿਰ ਦੇ ਨਾਂ ਹੇਠ ‘ਪਰਖ ਦੀ ਘੜੀ’ ਦਾ ਇੰਤਜਾਰ ਕਰ ਰਹੀ ਹੈ। ਇਸਦੀ ਇੱਕ ਵਜ੍ਹਾ ਚੋਣ ਉਪਰੰਤ ਗਠਜੋੜ ਦੌਰਾਨ ਸ਼ਿਵ ਸੈਨਾ ਨਾਲ ਸੰਭਾਵਨਾ ਬਚਾਈ ਰੱਖਣ ਦੀ ਰਣਨੀਤੀ ਵੀ ਹੈ।
ਇਹ 25 ਸਾਲ ਬਾਅਦ ਹੋ ਰਹੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਹਨ, ਜਦੋਂ ਭਾਜਪਾ-ਸ਼ਿਵ ਸੈਨਾ ਦਾ ਮਹਾ ਤਲਾਕ ਹੋ ਗਿਆ ਹੈ ਅਤੇ ਕਾਂਗਰਸ-ਐਨ ਸੀ ਪੀ ਗਠਜੋੜ ਵੀ 15 ਸਾਲਾਂ ਬਾਅਦ ਜਾਂਦਾ ਲੱਗਾ ਹੈ। ਹੁਣ ਭਾਜਪਾ 257 ਸੀਟਾਂ ਲੜ ਰਹੀ ਹੈ ਅਤੇ ਉਸਨੇ ਛੋਟੇ ਭਾਈਵਾਲਾਂ ਨੂੰ 31 ਸੀਟਾਂ ਦੇ ਰੱਖੀਆਂ ਹਨ। ਕਾਂਗਰਸ ਤੇ ਐਨ ਸੀ ਪੀ ਸਾਰੀਆਂ ਸੀਟਾਂ ’ਤੇ ਚੋਣ ਲੜ ਰਹੇ ਹਨ। ਦਰਅਸਲ, ਕਈ ਸਹਿਯੋਗੀ ਪਾਰਟੀਆਂ ਦੇ ਉਮੀਦਵਾਰ ਵੀ ਕਾਂਗਰਸ ਦੇ ਚੋਣ ਨਿਸ਼ਾਨ ’ਤੇ ਚੋਣ ਲੜ ਰਹੇ ਹਨ, ਜਿਵੇਂ ਪੰਜਾਬ ਵਿੱਚ ਬਠਿੰਡਾ ਲੋਕ ਸਭਾ ਸੀਟ ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਦੇ ਚੋਣ ਨਿਸ਼ਾਨ ’ਤੇ ਲੜੀ ਸੀ।
ਮਹਾਰਾਸ਼ਟਰ ਵਿੱਚ ਮਰਾਠੀ ਗੌਰਵ, ਹਿੰਦੂਤਵ, ਭ੍ਰਿਸ਼ਟਾਚਾਰ ਤੇ ਵਿਕਾਸ ਜਿਹੇ ਮੁੱਦਿਆਂ ’ਤੇ ਚੋਣ ਲੜੀ ਜਾ ਰਹੀ ਹੈ। ਕਾਂਗਰਸ ਵਿਕਾਸ ਨੂੰ ਮੁੱਖ ਮੁੱਦਾ ਬਣਾ ਕੇ ਚੱਲ ਰਹੀ ਹੈ, ਜਦਕਿ ਸ਼ਿਵ ਸੈਨਾ ਦਾ ਏਜੰਡਾ ਮਹਾਰਾਸ਼ਟਰ ਦੀ ‘ਅਸਲ ਪਛਾਣ’’ ਸਥਾਪਤ ਕਰਨਾ ਹੈ।