ਡੇਰਾ ਸੱਚਾ ਸੌਦਾ ਦੇ ਫੈਸਲੇ ਨਾਲ ਹਰਿਆਣਾ ਵਿੱਚ ਇਨੈਲੋ-ਭਾਜਪਾ ਟੱਕਰ ਦੇ ਆਸਾਰ ਹੋਰ ਵਧੇ
ਸ਼ਬਦੀਸ਼
ਚੰਡੀਗੜ੍ਹ – ਮਹਾਰਾਸ਼ਟਰ ਤੇ ਹਰਿਆਣਾ ਵਿੱਚ ਪੈਣ ਵਾਲੀਆਂ ਵੋਟਾਂ ਲਈ ਸਾਰੇ ਪ੍ਰਬੰਧ ਮੁਕੰਮਲ ਹਨ। ਅੱਜ ਪੈ ਰਹੀਆਂ ਵੋਟਾਂ ਦੀ ਗਿਣਤੀ 19 ਅਕਤੂਬਰ ਨੂੰ ਹੋਵੇਗੀ। ਇਹ ਰਾਜ ਲੋਕ ਸਭਾ ਚੋਣਾਂ ਵਿੱਚ ਜਾਦੂ ਦਿਖਾਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਕਾਰੀ ਇਮਤਿਹਾਨ ਲੈਣ ਜਾ ਰਹੀਆਂ ਹਨ। ਭਾਜਪਾ ਦੋਵਾਂ ਰਾਜਾਂ ਵਿੱਚ ਪੂਰਨ ਬਹੁਮਤ ਨਾਲ ਜੇਤੂ ਹੋਣ ਦੇ ਦਾਅਵੇ ਕਰ ਰਹੀ ਹੈ, ਜਦਕਿ ਸਿਆਸੀ ਪੰਡਿਤ ਚੋਣ ਉਪਰੰਤ ਗਠਜੋੜ ਸਰਕਾਰਾਂ ਦੀ ਸੰਭਾਵਨਾ ਵੇਖ ਰਹੇ ਹਨ। ਜੇ ਨਵੇਂ ਸਿਆਸੀ ਸਮੀਕਰਨ ਬਣਦੇ ਹਨ, ਤਾਂ ਮਹਾਰਾਸ਼ਟਰ ਬਹੁਤ ਹੀ ਦਿਲਚਸਪ ਸਿਆਸੀ ਥੀਏਟਰ ਸਾਬਿਤ ਹੋ ਸਕਦਾ ਹੈ।
ਫਿਲਹਾਲ ਤਾਂ ਪੋਲਿੰਗ ਬੂਥਾਂ ’ਤੇ ਈ ਵੀ ਐਮ ਅਤੇ ਹੋਰ ਚੋਣ ਸਮੱਗਰੀ ਅਤੇ ਚੋਣ ਨਿਗਰਾਨੀ ਪਾਰਟੀਆਂ ਤੇ ਵੋਟਰਾਂ ਦੀ ਸੁਰੱਖਿਆ ਲਈ ਤਾਇਨਾਤ ਪੁਲੀਸ ਨਿਗਰਾਨੀ ਵੇਖੀ ਜਾ ਰਹੀ ਹੈ। ਹਰਿਆਣਾ ਵਿੱਚ ਸ਼ਾਂਤੀਪੂਰਵਕ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਪੁਲੀਸ ਦੇ ਨਾਲ ਨੀਮ ਫੌਜੀ ਬਲਾਂ ਦੀਆਂ 80 ਕੰਪਨੀਆਂ ਤਾਇਨਾਤ ਹਨ। ਇਥੇ ਵਿਧਾਨ ਸਭਾ ਚੋਣਾਂ ਲਈ ਕੁਲ 1,63,05,217 ਵੋਟਰ 1351 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਇਨ੍ਹਾਂ ਵਿਚ 8737116 ਮਰਦ ਅਤੇ 7479439 ਮਹਿਲਾ ਵੋਟਰ ਹਨ। 88662 ਸਰਵਿਸ ਵੋਟਰ ਹਨ, ਜਿਨ੍ਹਾਂ ਵਿੱਚ 12 ਐਨ ਆਰ ਆਈ ਵੋਟਰ ਵੀ ਸ਼ਾਮਲ ਹਨ। 1351 ਉਮੀਦਵਾਰਾਂ ਵਿੱਚੋਂ 116 ਮਹਿਲਾ ਉਮੀਦਵਾਰ ਹਨ। ਕਾਂਗਰਸ ਤੇ ਭਾਜਪਾ ਨੇ ਸਾਰੇ 90 ਹਲਕਿਆਂ ਵਿਚ ਆਪਣੇ ਉਮੀਦਵਾਰ ਉਤਾਰੇ ਹਨ, ਜਦਕਿ ਇਨੈਲੋ ਦੇ 88, ਬਸਪਾ ਦੇ 87, ਹਜਕਾ ਦੇ 65, ਸੀ ਪੀ ਆਈ (ਐਮ) ਦੇ 17, ਸੀ ਪੀ ਆਈ ਦੇ 14 ਅਤੇ ਹੋਰ ਪਾਰਟੀਆਂ ਦੇ 297 ਅਤੇ 603 ਆਜ਼ਾਦ ਉਮੀਦਵਾਰ ਹਨ। ਸੂਬੇ ਦੇ 90 ਵਿਧਾਨ ਸਭਾ ਹਲਕਿਆਂ ਵਿਚੋਂ 30 ਅਜਿਹੇ ਹਲਕੇ ਹਨ, ਜਿੱਥੇ 15 ਤੋਂ ਜ਼ਿਆਦਾ ਉਮੀਦਵਾਰ ਹਨ। ਅਜਿਹੇ ਹਲਕਿਆਂ ਵਿਚ ਦੋ-ਦੋ ਈ ਵੀ ਐਮ ਲਗਾਈਆਂ ਜਾਣਗੀਆਂ। ਬਾਕੀ 60 ਹਲਕਿਆਂ ਵਿੱਚ ਵੋਟਾਂ ਲਈ ਇੱਕ-ਇੱਕ ਈ ਵੀ ਐਮ ਵਰਤੀ ਜਾਵੇਗੀ। ਸਭ ਤੋਂ ਜ਼ਿਆਦਾ 31 ਉਮੀਦਵਾਰ ਭਿਵਾਨੀ ਵਿਧਾਨ ਸਭਾ ਹਲਕੇ ਵਿਚ ਹਨ ਅਤੇ ਸਭ ਤੋਂ ਘੱਟ 7-7 ਉਮੀਦਵਾਰ ਸ਼ਾਹਬਾਦ ਤੇ ਨੂੰਹ ਹਲਕਿਆਂ ਵਿਚ ਹਨ।
ਹਰਿਆਣਾ ਵਿੱਚ ਕੁੱਲ 2700 ਸੰਵੇਦਨਸ਼ੀਲ ਬੂਥ ਹਨ। ਸਾਰੇ ਪੋਲਿੰਗ ਬੂਥਾਂ ’ਤੇ ਚੋਣ ਪ੍ਰਕ੍ਰਿਆ ਦੀ ਨਿਗਰਾਨੀ ਲਈ ਵੀਡੀਓ ਕੈਮਰੇ, ਸੀ ਸੀ ਟੀ ਵੀ ਕੈਮਰੇ, ਵੈਬ-ਕਾਸਟਿੰਗ ਜਾਂ ਮਾਈਕਰੋ ਨਿਗਰਾਨ ਲਗਾਏ ਗਏ ਹਨ।
ਹਰਿਆਣਾ ਵਿੱਚ ਇਨੈਲੋ-ਭਾਜਪਾ ਟੱਕਰ ਦੇ ਆਸਾਰ
ਚੋਣਾਂ ਦਾ ਐਲਾਨ ਹੋਣ ਵੇਲੇ ਭਾਰਤੀ ਜਨਤਾ ਪਾਰਟੀ ਕਾਂਗਰਸ ਨੂੰ ਮਾਤ ਦੇਣ ਲਈ ਮੈਦਾਨ ਮੱਲ ਰਹੀ ਸੀ, ਪਰ ਚੋਣ ਪ੍ਰਚਾਰ ਦੌਰਾਨ ਟੱਕਰ ਇੰਡੀਅਨ ਨੈਸ਼ਨਲ ਲੋਕ ਦਲ ਨਾਲ ਬਣਦੀ ਨਜ਼ਰ ਆਈ ਹੈ ਅਤੇ ਸਰਵੇਖਣ ਦੱਸਦੇ ਹਨ ਕਿ ਕੋਈ ਵੀ ਪਾਰਟੀ ਪੂਰਨ ਬਹੁਮਤ ਨਹੀਂ ਲੈਣ ਜਾ ਰਹੀ, ਪਰ ਕਾਂਗਰਸ ਦਾ ਤੀਜੇ ਨੰਬਰ ’ਤੇ ਚਲੇ ਜਾਣਾ ਪੱਕੀ ਗੱਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ ਕਾਂਗਰਸ ਦਾ ਅੰਕੜਾ ਮਸਾਂ 9 ਸੀਟਾਂ ਤੱਕ ਸੀਮਤ ਹੋਣ ਦਾ ਐਲਾਨ ਕਰ ਰਹੇ ਹਨ। ਅੱਜ ਵੋਟਰ ਅੱਜ ਆਪਣੀ ਰਾਇ ਈ ਵੀ ਐਮ ਵਿੱਚ ਕੈਦ ਕਰ ਦੇਣਗੇ ਅਤੇ 19 ਅਕਤੂਬਰ ਨੂੰ ਤਮਾਮ ਕਿਆਸ-ਅਰਾਈਆਂ ਦਾ ਟੈਸਟ ਹੋ ਜਾਵੇਗਾ, ਜਦੋਂ ਫਤਵਾ ਆਪਣੀ ਅਸਲ ਸ਼ਕਲ ਵਿੱਚ ਸਾਹਮਣੇ ਹੋਵੇਗਾ। ਭਾਜਪਾ ਨੇ ‘ਚਲੋ ਮੋਦੀ ਕੇ ਸਾਥ’ ਨਾਅਰਾ ਦੇ ਕੇ ਨਰਿੰਦਰ ਮੋਦੀ ਦਾ ਵਕਾਰ ਦਾਅ ’ਤੇ ਲਗਾ ਦੇਣ ਦਾ ਜੂਆ ਖੇਡਿਆ ਹੈ। ਇਸ ਭਰੋਸੇ ਕਾਰਨ ਹੀ ਭਾਜਪਾ ਹਜਕਾਂ ਨਾਲੋਂ ਗਠਜੋੜ ਤੋੜ ਗਈ ਹੈ ਅਤੇ ਇਕੱਲਿਆਂ ਸੱਤਾ ’ਤੇ ਕਾਬਜ਼ ਹੋਣ ਦਾ ਇੰਤਜਾਰ ਕਰ ਰਹੀ ਹੈ।
ਭਾਜਪਾ ਨੇ ਆਖਰੀ ਦਿਨਾਂ ਵਿੱਚ ਡੇਰਾ ਸੱਚਾ ਸੌਦਾ ਦੀ ਹਮਾਇਤ ਲੈ ਕੇ ਵਰਕਰਾਂ ਦੇ ਹੌਸਲੇ ਬੁਲੰਦ ਕਰ ਲਏ ਹਨ। ਡੇਰਾ ਸੱਚਾ ਸੌਦਾ ਸਿਰਸਾ ਜਿਲ੍ਹੇ ਸਮੇਤ ਦਰਜਨਾਂ ਹਲਕਿਆਂ ਦੇ ਨਤੀਜੇ ਬਦਲਣ ਦੀ ਵਾਲੀ ਸ਼ਕਤੀ ਹੈ। ਹੁਣ ਡੇਰਾ ਪ੍ਰੇਮੀ ਭਾਜਪਾ ਦੇ ਹੱਕ ਵਿੱਚ ਜਾਣਗੇ ਅਤੇ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਾਮੀ ਕਾਂਗਰਸ ਪਿੱਛੇ ਤੁੱਲ ਜਾਣਗੇ ਹੈ। ਇਹ ਪ੍ਰਭਾਵਤ ਹੋਏ ਵੋਟਰ ਇਨੈਲੋ ਸਮੇਤ ਸ਼੍ਰੋਮਣੀ ਅਕਾਲੀ ਦਲ ਦਾ ‘ਸਬਕ’ ਦੇਣ ਜਾ ਰਹੇ ਹਨ, ਹਾਲਾਂਕਿ ਉਸਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਨ ਖਿਲਾਫ਼ ਪ੍ਰਚਾਰ ਦੀ ਸੁਰ ਬਹੁਤੀ ਉੱਚੀ ਨਹੀਂ ਰੱਖੀ। ਦਰਅਸਲ, ਇਨੈਲੋ ਦੇ ਹੱਕ ਵਿੱਚ ਪ੍ਰਚਾਰ ਕਰਦਾ ਅਕਾਲੀ ਦਲ ਕਾਂਗਰਸ ਦੇ ਸਫਾਏ ਦੀ ਸੁਰ ਛੇੜਦਾ ਰਿਹਾ ਹੈ ਜਾਂ ਆਖਰੀ ਦਿਨਾਂ ਵਿੱਚ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੱਧੂ ਦੇ ਸ਼ਬਦਬਾਣਾਂ ਤੋਂ ਬਚਾਅ ਦੀ ਨੀਤੀ ’ਤੇ ਚਲਦਾ ਰਿਹਾ ਹੈ। ਉਸਦਾ ਨਵਜੋਤ ਸਿੱਧੂ ਦੀ ਸੁਰੱਖਿਆ ਛਤਰੀ ਵਾਪਸ ਲੈਣਾ ਚੋਣਾਂ ਨੂੰ ਪ੍ਰਭਾਵਤ ਕਰੇਗਾ ਜਾਂ ਨਹੀਂ, ਇਸਦਾ ਅੰਦਾਜਾ ਵੀ ਮਾਹਰ ਲਗਾ ਰਹੇ ਹਨ।
ਇਨ੍ਹਾਂ ਚੋਣਾਂ ਵਿੱਚ ਇਨੈਲੋ ਦਾ ਰਾਜਨੀਤਕ ਵਕਾਰ ਦਾਅ ’ਤੇ ਲੱਗਿਆ ਹੋਇਆ ਹੈ, ਜਿਸਦੇ ਮੁਖੀ ਓਮ ਪ੍ਰਕਾਸ਼ ਚੌਟਾਲਾ ਨੇ ਜ਼ਮਾਨਤ ’ਤੇ ਹੁੰਦਿਆਂ ਪਾਰਟੀ ਦੀ ਚੋਣ ਮੁਹਿੰਮ ਨੂੰ ਸਿਖਰ ’ਤੇ ਪਹੁੰਚਾ ਦਿੱਤੀ ਸੀ। ਉਨ੍ਹਾਂ ਦਾ ਜੇਲ੍ਹ ਜਾਣਾ ਵੋਟਰਾਂ ਦੇ ਉਤਸ਼ਾਹ ਨੂੰ ਮੱਠਾ ਨਹੀਂ ਪਾ ਸਕਿਆ, ਹਾਲਾਂਕਿ ਡੇਰਾ ਸੱਚਾ ਸੌਦਾ ਨਾਲ ਭਾਜਪਾ ਦੀ ਸੌਦੇਬਾਜੀ ਕਾਫੀ ਨਿਰਾਸ਼ਾਜਨਕ ਘਟਨਾ ਮੰਨੀ ਜਾ ਰਹੀ ਹੈ। ਸਿੱਖ ਵੋਟਰਾਂ ਲਈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਚੌਟਾਲਾ ਪਰਿਵਾਰ ਨਾਲ ਆਪਣੀ ਮਿੱਤਰਤਾ ਇਨੈਲੋ ਲਾਹੇਵੰਦੀ ਸਾਬਿਤ ਹੋ ਸਕਦੀ ਹੈ। ਇਸ ਮੁਹਿੰਮ ਦੀ ਫੂਕ ਕੱਢਣ ਲਈ ਕਾਂਗਰਸ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੋੜੀਂਦੀ ਮੱਦਦ ਕਰਨ ਵਿੱਚ ਨਾਕਾਮ ਰਹੀ ਹੈ। ਉਸਦੀ ਟੇਕ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਵਿਕਾਸ ਮਾਡਲ ਦੇ ਚੋਣ ਪ੍ਰਚਾਰ ’ਤੇ ਰਹੀ ਹੈ।
ਹਰਿਆਣਾ ਦੇ ਲੋਕਾਂ ਦੀ ਵੋਟਿੰਗ ਹਰਿਆਣਾ ਜਨਹਿੱਤ ਕਾਂਗਰਸ ਦੇ ਕੁਲਦੀਪ ਬਿਸ਼ਨੋਈ, ਸਾਬਕਾ ਮੰਤਰੀ ਤੇ ਹਰਿਆਣਾ ਜਨ ਚੇਨਤਾ ਪਾਰਟੀ ਦੇ ਮੁਖੀ ਵਿਨੋਦ ਸ਼ਰਮਾ ਅਤੇ ਹਰਿਆਣਾ ਲੋਕ ਹਿੱਤ ਪਾਰਟੀ ਦੇ ਮੁਖੀ ਗੋਪਾਲ ਦਾ ਭਵਿੱਖ ਵੀ ਤੈਅ ਕਰ ਦੇਵੇਗੀ, ਜਿਸਦੇ ਬਹੁਤਾ ਬ੍ਰਾਈਟ ਹੋਣ ਦੇ ਆਸਾਰ ਨਜ਼ਰ ਨਹੀਂ ਆ ਰਹੇ। ਸਭ ਤੋਂ ਵੱਡਾ ਇਮਤਿਅਹਾਨ ਬਹੁਜਨ ਸਮਾਜ ਪਾਰਟੀ ਦਾ ਹੋਣ ਜਾ ਰਿਹਾ ਹੈ, ਜਿਸਨੇ ਦੇ ਮੁੱਖ ਮੰਤਰੀ ਦੀ ਅਹੁਦੇਦਾਰੀ ਲਈ ਉਅਰਵਿੰਦ ਸ਼ਰਮਾ ਨੂੰ ਉਭਾਰਨ ਦਾ ਯਤਨ ਕੀਤਾ ਹੈ।