ਅਕਸਰ ਗੈਰ-ਹਾਜ਼ਰ ਰਹਿਣ ਵਾਲੇ ਹਾਜ਼ਰ ਮਿਲੇ, ਕਾਹਨੂੰਵਾਨ ਵਿੱਚ ਸਾਰਾ ਸਟਾਫ਼ ਗੈਰ-ਹਾਜ਼ਰ
ਐਨ ਐਨ ਬੀ
ਲੰਬੀ – ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਦੇ ਸਿਵਲ ਹਸਪਤਾਲ ਵਿੱਚ ਅਚਨਚੇਤ ਛਾਪਾ ਮਾਰ ਕੇ ਨਿਰੀਖਣ ਕੀਤਾ। ਇਸ ਛਾਪੇ ਦੀ ਸੂਚਨਾ ਲੀਕ ਹੋ ਗਈ ਹੋਈ ਦੱਸੀ ਜਾਂਦੀ ਹੈ, ਕਿਉਂਕਿ ਸਿਆਸੀ ਸਬੰਧਾਂ ਕਰਕੇ ‘ਘੱਟ-ਵੱਧ’ ਆਉਣ ਵਾਲੇ ਕਈ ਡਾਕਟਰ ਡਿਊਟੀ ’ਤੇ ਹਾਜ਼ਰ ਮਿਲੇ। ਸਿਵਲ ਹਸਪਤਾਲ ਨੂੰ ਆਮ ਨਾਲੋਂ ਕਾਫੀ ਸਾਫ਼ ਸੁਥਰਾ ਬਣਾਇਆ ਹੋਇਆ ਸੀ, ਹਾਲਾਂਕਿ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ਼ ਵੱਲੋਂ ਡਿਊਟੀ ਦੌਰਾਨ ਵਰਦੀ ਨਾ ਪਾਉਣ ਦਾ ਸਿਹਤ ਮੰਤਰੀ ਨੇ ਕਾਫੀ ਬੁਰਾ ਮਨਾਇਆ। ਇਸ ਦੌਰਾਨ ਸਿਹਤ ਮੰਤਰੀ ਨੇ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਸਟਾਫ਼ ਮੈਂਬਰਾਂ ਨੂੰ ਮਰੀਜ਼ਾਂ ਨਾਲ ਨਿਮਰਤਾ ਪੇਸ਼ ਆਉਣ ਤੇ ਡਿਊਟੀ ਦੌਰਾਨ ਵਰਦੀ ਪਾਉਣ ਦੀ ਤਾਕੀਦ ਕੀਤੀ।
ਓਧਰ ਕਾਹਨੂੰਵਾਨ ਵਿੱਚ ਚੌਕਸੀ ਵਿਭਾਗ ਦੀ ਟੀਮ ਨੇ ਡੀ ਐਸ ਪੀ ਮਨੋਹਰ ਸਿੰਘ ਸੈਣੀ ਤੇ ਐਸ ਐਮ ਓ ਗੁਰਦਾਸਪੁਰ ਸਮੇਤ ਸਰਕਾਰੀ ਹਸਪਤਾਲ ਪੁਰਾਣਾ ਸ਼ਾਲਾ ਵਿੱਚ ਸਵੇਰੇ ਹਾਜ਼ਰੀ ਮੌਕੇ ਅਚਨਚੇਤ ਛਾਪਾ ਮਾਰਿਆ, ਜਿਸ ਦੌਰਾਨ ਸਰਕਾਰੀ ਹਸਪਾਤਲ ਪੁਰਾਣਾ ਸ਼ਾਲਾ ਦੇ ਐਸ ਐਮ ਓ ਗੁਪਾਲ ਦਾਸ ਸਮੇਤ ਸਾਰਾ ਅਮਲਾ ਗੈਰ ਹਾਜ਼ਰ ਸੀ। ਇਸ ਸਬੰਧੀ ਐਸ ਪੀ ਵਿਜੀਲੈਂਸ ਬਲਦੇਵ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਦੇ ਡੀ ਐਸ ਪੀ ਮਨੋਹਰ ਸਿੰਘ ਸੈਣੀ ਦੀ ਅਗਵਾਈ ਹੇਠ ਇੱਕ ਟੀਮ ਨੇ ਪੁਰਾਣਾ ਸ਼ਾਲਾ ਹਸਪਤਾਲ ’ਤੇ ਛਾਪਾ ਮਾਰਿਆ ਸੀ, ਜਿਥੇ ਸਾਰੇ ਕਰਮਚਾਰੀ ਤੇ ਡਾਕਟਰ ਗੈਰ ਹਾਜ਼ਰ ਸਨ। ਹਸਪਤਾਲ ਦੇ ਐਸ ਐਮ ਓ ਡਾ. ਗੁਪਾਲ ਦਾਸ ਸਾਢੇ ਨੌਂ ਵਜੇ ਤੋਂ ਬਾਅਦ ਹਸਪਤਾਲ ਪੁੱਜੇ। ਛਾਪਾ ਮਾਰਨ ਵਾਲੀ ਟੀਮ ਨੇ ਹਾਜ਼ਰੀ ਰਜਿਸਟਰ ਤੇ ਕੁਝ ਹੋਰ ਰਿਕਾਰਡ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਇਸ ਸਬੰਧੀ ਪੁਰਾਣਾ ਸ਼ਾਲਾ ਦੇ ਐਸ ਐਮ ਓ ਗੋਪਾਲ ਦਾਸ ਨੇ ਆਖਿਆ ਕਿ ਉਹ ਕਿਸੇ ਕੰਮ ਲਈ ਰਣਜੀਤ ਬਾਗ ਗਏ ਹੋਏ ਸਨ, ਜਿਸ ਕਾਰਨ ਦੇਰੀ ਨਾਲ ਪਹੁੰਚੇ ਸਨ, ਪਰ ਬਾਕੀ ਸਟਾਫ ਦੇ ਗੈਰਹਾਜ਼ਰ ਹੋਣ ਦਾ ਉਨ੍ਹਾਂ ਕੋਲ਼ ਕੋਈ ਜਵਾਬ ਨਹੀਂ ਸੀ।