ਐਨ ਐਨ ਬੀ
ਨਵੀਂ ਦਿੱਲੀ-ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਫਰਿਆਦ ਕੀਤੀ ਹੈ ਕਿ ਉਹ ਪੰਜਾਬ ਲਈ ਰਾਹਤ ਪੈਕਜ ਦੀ ਮੰਗ ਸਵੀਕਾਰ ਕਰਦੇ ਹੋਏ ਅਤਿਵਾਦ ਦੌਰਾਨ (1981 ਤੋਂ 1992 ਤੱਕ) ਲਿਆ ਕਰਜ਼ਾ ਮਾਫ਼ ਕਰ ਦੇਣ, ਜੋ ਹੁਣ ਵੱਧ ਕੇ 1.02 ਲੱਖ ਕਰੋੜ ਹੋ ਗਿਆ ਹੈ। ਉਨ੍ਹਾਂ ਦੇ ਨਾਲ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਗੱਲਬਾਤ ਵਿੱਚ ਸ਼ਾਮਲ ਸਨ। ਐਨ. ਡੀ. ਏ. ਗਠਜੋੜ ਦੇ ਪੱਕੇ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਦੇ ਦੋਵੇਂ ਨੇਤਾ ਤੇਜ਼ਤਰਾਰ ਪ੍ਰਧਾਨ ਸ੍ਰੀ ਨਰਿੰਦਰ ਮੋਦੀ ਨੂੰ ਇਹ ਸਮਝਾਉਣ ’ਚ ਦੀ ਕੋਸ਼ਿਸ਼ ਕਰਦੇ ਨਜ਼ਰ ਆਏ ਕਿ ਪੰਜਾਬ ਨੂੰ ਅਤਿਵਾਦ ਵਿਰੁੱਧ ਵੱਡੀ ਕੌਮੀ ਲੜਾਈ ਲੜਨ ਦੀ ਸਜ਼ਾ ਦਿੱਤੀ ਜਾ ਰਹੀ ਹੈ।
ਪੰਜਾਬ ਦੇ ਮੁੱਖ ਮੰਤਰੀ ਤੇ ਉੱਪ ਮੰਤਰੀ ਉਸ ਵਕਤ ਰਾਹਤ ਪੈਕੇਜ ਦੀ ਮੰਗ ਕਰ ਰਹੇ ਹਨ, ਜਦੋਂ ਹਰਿਆਣਾ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਨੇ ਓਮ ਪ੍ਰਕਾਸ਼ ਚੌਟਾਲਾ ਨੂੰ ਪਹਿਲ ਦਿੰਦੇ ਹੋਏ ਭਾਜਪਾ ਤੋਂ ਦੂਰੀ ਬਣਾ ਰੱਖੀ ਹੈ। ਇਹ ਵੀ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲਿਖਤੀ ਤੌਰ ’ਤੇ ਦੱਸ ਚੁੱਕੇ ਹਨ ਕਿ ਪੰਜਾਬ ਨੂੰ ਹੋਰ ਫੰਡ ਨਹੀਂ ਦਿੱਤੇ ਜਾ ਸਕਦੇ । ਸ੍ਰੀ ਜੇਤਲੀ ਨੇ ਸੂਬੇ ਤਾਂ ਨੂੰ ਬਿਜਲੀ-ਪਾਣੀ ਸਬਸਿਡੀ ਵੀ ਤਰਕਸੰਗਤ ਕਰਨ ਦੀ ਸਲਾਹ ਦਿੱਤੀ ਸੀ।
ਮੁੱਖ ਮੰਤਰੀ ਸ੍ਰੀ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਗੁਆਂਢੀ ਸੂਬਿਆਂ ਨੂੰ ਦਿੱਤੀਆਂ ਸਨਅਤੀ ਰਿਆਇਤਾਂ ਕਾਰਨ ਸੂਬੇ ਵਿੱਚ ਨਵਾਂ ਨਿਵੇਸ਼ ਬਿਲਕੁਲ ਹੀ ਰੁਕ ਗਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਨੂੰ ਦਿੱਤੀਆਂ ਜਾ ਰਹੀਆਂ ਸਨਅਤੀ ਰਿਆਇਤਾਂ ਪੰਜਾਬ ਨੂੰ ਵੀ ਦਿੱਤੀਆਂ ਜਾਣ। ਮੁੱਖ ਮੰਤਰੀ ਨੇ ਸੋਕੇ ਦੀ ਮਾਰ ਹੇਠ ਆਏ ਕਿਸਾਨਾਂ ਲਈ ਰਾਹਤ ਪੈਕਜ ਦੀ ਮੰਗ ਵੀ ਕੀਤੀ।