ਐਨ ਐਨ ਬੀ
ਮੁੰਬਈ – ਨਰਿੰਦਰ ਮੋਦੀ ਖਿਲਾਫ਼ ਡਟੇ ਹੋਏ ਮੁਅੱਤਲ ਆਈ ਏ ਐਸ ਅਧਿਕਾਰੀ ਪ੍ਰਦੀਪ ਸ਼ਰਮਾ ਨੂੰ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਅਧਿਕਾਰੀ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਨਰਿੰਦਰ ਮੋਦੀ ਉੱਤੇ ਜਾਸੂਸੀ ਕਰਾਉਣ ਦੇ ਦੋਸ਼ ਲਾਏ ਸਨ। ਇਹ ਜ਼ਿਕਰਯੋਗ ਹੈ ਕਿ ਇਸ ਤੋਂ ਇਕ ਦਿਨ ਪਹਿਲਾਂ ਹੀ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਸ਼ਰਮਾ ਦੀ ਜਾਇਦਾਦ ਨੂੰ ਕਾਲੇ ਧਨ ਨੂੰ ਚਿੱਟਾ ਬਣਾਉਣ ਦੇ ਮਾਮਲੇ ਵਿੱਚ ਇਕ ਕੇਸ ਨਾਲ ਜੋੜਿਆ ਹੈ।
ਏ ਸੀ ਬੀ ਦੇ ਡਾਇਰੈਕਟਰ (ਇੰਚਾਰਜ) ਆਸ਼ੀਸ਼ ਭਾਟੀਆ ਨੇ ਦੱਸਿਆ ਕਿ ਪ੍ਰਦੀਪ ਸ਼ਰਮਾ ਨੂੰ ਅੱਜ ਸਵੇਰੇ ਗ੍ਰਿਫਤਾਰ ਕੀਤਾ ਗਿਆ। ਵਿਭਾਗ ਵੱਲੋਂ ਉਸ ਵਿਰੁੱਧ ਕੱਲ੍ਹ ਦਰਜ ਕੀਤੀ ਸ਼ਿਕਾਇਤ ਵਿੱਚ ਸ਼ਰਮਾ ਵਿਰੁੱਧ ਪ੍ਰਾਈਵੇਟ ਫਰਮ ਵੇਲਸਪਨ ਤੋਂ 29 ਲੱਖ ਰੁਪਏ ਭ੍ਰਿਸ਼ਟਾਚਾਰ ਵਜੋਂ ਲੈਣ ਦੇ ਦੋਸ਼ ਲਾਏ ਗਏ ਹਨ। ਇਹ ਰਕਮ ਪਹਿਲਾਂ ਸ਼ਰਮਾ ਦੀ ਪਤਨੀ ਦੇ ਖਾਤੇ ਵਿੱਚ ਜਮ੍ਹਾਂ ਕਰਵਾਈ ਗਈ ਤੇ ਫਿਰ ਸ਼ਰਮਾ ਦੇ ਖਾਤੇ ਵਿੱਚ ਕਰਵਾ ਦਿੱਤੀ ਗਈ। ਭਾਟੀਆ ਅਨੁਸਾਰ ਸਹੀ ਅਰਥਾਂ ਵਿੱਚ ਇਹ ਕਿਸੇ ਪ੍ਰਾਈਵੇਟ ਕੰਪਨੀ ਨੂੰ ਲਾਭ ਦੇਣ ਲਈ ਰਿਸ਼ਵਤ ਹਾਸਲ ਕਰਨ ਦਾ ਮਾਮਲਾ ਹੈ। ਸ਼ਰਮਾ ਨੂੰ ਭ੍ਰਿਸ਼ਟਾਚਾਰ ਕਾਨੂੰਨ ਦੀ ਧਾਰਾ 11, 13(1)(ਡੀ) ਅਤੇ 13(2) ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਇਹ ਕੇਸ ਸਾਲ 2004 ਨਾਲ ਜੁੜਦਾ ਹੈ ਜਦੋਂ ਸ਼ਰਮਾ ਕੱਛ ਦਾ ਕੁਲੈਕਟਰ ਸੀ।
ਇਹ ਜ਼ਿਕਰਯੋਗ ਹੈ ਕਿ ਸ਼ਰਮਾ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਗੁਜਰਾਤ ਸਰਕਾਰ ਨਾਲ ਜਾਸੂਸੀ ਦੇ ਮਾਮਲੇ ਨੂੰ ਲੈ ਕੇ ਭਿੜ ਗਿਆ ਸੀ ਤੇ ਉਸ ਨੇ ਸਰਕਾਰ ਉੱਤੇ ਇਕ ਔਰਤ ਇਮਾਰਤਸਾਜ਼ ਦੀ ਜਾਸੂਸੀ ਕਰਨ ਦੇ ਦੋਸ਼ ਲਾਏ ਸਨ ਤੇ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਸੀ। ਉਸ ਨੇ ਉਦੋਂ ਗੁਜਰਾਤ ਦੇ ਗ੍ਰਹਿ ਰਾਜ ਮੰਤਰੀ ਅਮਿਤ ਸ਼ਾਹ ਨਾਲ ਸਬੰਧਤ ਦੋ ਸੀਡੀਜ਼ ਜਾਰੀ ਕਰਕੇ ਤਰਥੱਲੀ ਮਚਾ ਦਿੱਤੀ ਸੀ। ਮੁਅੱਤਲ ਆਈਏਐਸ ਅਧਿਕਾਰੀ ਨੇ ਦੋਸ਼ ਲਾਇਆ ਸੀ ਕਿ ਇਹ ਜਾਸੂਸੀ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਕਹਿਣ ਉੱਤੇ ਹੀ ਕੀਤੀ ਗਈ ਸੀ।