ਐਨ ਐਨ ਬੀ
ਮੁੰਬਈ – ਮਹਾਰਾਸ਼ਟਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਪਹਿਲੀ ਸਰਕਾਰ ਅੱਜ ਦੇਵੇਂਦਰ ਫੜਨਵੀਸ ਦੀ ਅਗਵਾਈ ਹੇਠ ਹਲਫ ਲਵੇਗੀ, ਜਦਕਿ ਸ਼ਿਵ ਸੈਨਾ ਨੇ ਸਮਾਰੋਹ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ। ਸ਼ਿਵ ਸੈਨਾ ਦੇ ਸੀਨੀਅਰ ਆਗੂ ਵਿਨਾਇਕ ਰਾਊਤ ਨੇ ਪਾਰਟੀ ਮੁਖੀ ਊਧਵ ਠਾਕਰੇ ਨਾਲ ਮੀਟਿੰਗ ਕਰਨ ਬਾਅਦ ਕਿਹਾ ਕਿ ਭਾਜਪਾ ਨੇ ਇਹ ਦਾਅਵੇ ਕਰਕੇ ਕਿ ਉਨ੍ਹਾਂ ਦੀ ਸ਼ਿਵ ਸੈਨਾ ਨਾਲ ਗੱਲਬਾਤ ਚੱਲ ਰਹੀ ਹੈ, ਪਾਰਟੀ ਵਿਧਾਇਕਾਂ ਨੂੰ ਸਰਕਾਰ ਵਿੱਚ ਨਾ ਸ਼ਾਮਲ ਕਰਨ ਦਾ ਫੈਸਲਾ ਲੈ ਕੇ ਅਪਮਾਨ ਕੀਤਾ ਹੈ। ਸ਼ਿਵ ਸੈਨਾ ਇਹ ਅਪਮਾਨ ਬਰਦਾਸ਼ਤ ਨਹੀਂ ਕਰੇਗੀ। ਸੂਤਰਾਂ ਅਨੁਸਾਰ ਪਾਰਟੀ ਵਿਧਾਇਕਾਂ ਨੂੰ ਹਦਾਇਤ ਦੇ ਦਿੱਤੀ ਗਈ ਹੈ ਕਿ ਜੇ ਸ਼ਿਵ ਸੈਨਾ ਨੂੰ ਭਲ੍ਹਕੇ ਸਹੁੰ ਚੁੱਕਣ ਵਾਲਿਆਂ ਦੀ ਸੂਚੀ ਵਿੱਚ ਨੁਮਾਇੰਦਗੀ ਨਹੀਂ ਦਿੱਤੀ ਜਾਂਦੀ ਤਾਂ ਉਹ ਸਮਾਗਮ ਦੇ ਨੇੜੇ-ਤੇੜੇ ਵੀ ਨਜ਼ਰ ਨਾ ਆਉਣ।
ਸ਼ਿਵ ਸੈਨਾ ਦੇ ਬੁਲਾਰੇ ਸੰਜੇ ਰਾਊਤ ਨੇ ਕਿਹਾ ਸੀ ਕਿ ਪਾਰਟੀ ਦੀ ਭਾਜਪਾ ਦੇ ਆਗੂਆਂ ਨਾਲ ਗੱਲਬਾਤ ਚੱਲ ਰਹੀ ਹੈ। ਦੇਰ ਸ਼ਾਮੀਂ ਭਾਜਪਾ ਦੇ ਜਨਰਲ ਸਕੱਤਰ ਰਾਜੀਵ ਪ੍ਰਤਾਪ ਰੂਡੀ ਨੇ ਸੰਕੇਤ ਦੇ ਦਿੱਤਾ ਕਿ ਦੋਵਾਂ ਧਿਰਾਂ ਵਿੱਚ ਸਮਝੌਤਾ ਸਿਰੇ ਚੜ੍ਹਨ ਦੇ ਆਸਾਰ ਨਹੀਂ ਹਨ। ਇਥੇ ਵਾਨਖੇੜੇ ਸਟੇਡੀਅਮ ਵਿੱਚ ਦੇਵੇਂਦਰ ਖੜਨਵੀਸ ਭਲਕੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਕਰੀਬ ਦਰਜਨ ਮੰਤਰੀਆਂ ਦੇ ਹਲਫ ਲਏ ਜਾਣ ਦੀ ਵੀ ਸੰਭਾਵਨਾ ਹੈ। ਰਾਜਪਾਲ ਸੀ. ਵਿਦਿਆਸਾਗਰ ਰਾਓ ਸਹੁੰ ਚੁਕਾਉਣ ਦੀ ਰਸਮ ਨਿਭਾਉਣਗੇ। ਭਾਜਪਾ ਸ਼ਿਵ ਸੈਨਾ ਦੇ ਦਬਾਅ ਤੋਂ ਬੇ-ਪ੍ਰਵਾਗ ਹੋਣ ਦੇ ਸੰਕੇਤ ਦੇਣ ਲਈ ਹੀ ਹਲਫ਼ਨਾਮਾ ਸਮਾਗਮ ਦੌਰਾਨ ਚੋਣ ਉਪਰੰਤ ਗਠਜੋੜ ਤੋਂ ਬਿਨਾ ਹੀ ਸੀਮਤ ਜਿਹੇ ਮੰਤਰੀ ਮੰਡਲ ਦਾ ਐਲਾਨ ਕਰਨ ਜਾ ਰਹੀ ਹੈ।