ਐਨ ਐਨ ਬੀ
ਮੁੰਬਈ – ਸੇਬੀ ਨੇ ਰਿਐਲਟੀ ਸੈਕਟਰ ਦੀ ਵੱਡੀ ਫਰਮ ਡੀ ਐਲ ਐਫ ਤੇ ਉਸ ਦੇ ਛੇ ਸੀਨੀਅਰ ਅਧਿਕਾਰੀਆਂ ਉਤੇ ਤਿੰਨ ਸਾਲ ਸਕਿਓਰਟੀਜ਼ ਮਾਰਕੀਟ ਵਿੱਚ ਕੋਈ ਲੈਣ-ਦੇਣ ਕਰਨ ’ਤੇ ਪਾਬੰਦੀ ਲਾ ਦਿੱਤੀ ਹੈ। ਇਹ ਕਾਰਵਾਈ ਕੰਪਨੀ ਨੂੰ ਪਬਲਿਕ ਇਸ਼ੂ ਜਾਰੀ ਕਰਨ ਸਮੇਂ ਅਹਿਮ ਜਾਣਕਾਰੀ ‘ਜਾਣਬੁਝ ਕੇ ਤੇ ਗਿਣ-ਮਿਥ ਕੇ ਲੁਕੋਣ’ ਦੀ ਦੋਸ਼ੀ ਪਾਏ ਜਾਣ ਮਗਰੋਂ ਕੀਤੀ ਗਈ ਹੈ। ਜਿਨ੍ਹਾਂ ਉਤੇ ਪਾਬੰਦੀ ਲਾਈ ਗਈ ਹੈ, ਉਨ੍ਹਾਂ ਵਿੱਚ ਕੰਪਨੀ ਦੇ ਚੇਅਰਮੈਨ ਕੇ.ਪੀ. ਸਿੰਘ, ਉਸ ਦਾ ਪੁੱਤਰ ਰਾਜੀਵ ਸਿੰਘ, (ਉਪ ਚੇਅਰਮੈਨ) ਧੀ ਪੀਆ ਸਿੰਘ (ਕੁੱਲਵਕਤੀ ਡਾਇਰੈਕਟਰ) ਵੀ ਸ਼ਾਮਲ ਹਨ।
ਸੇਬੀ ਦੇ ਕੁੱਲਵਕਤੀ ਮੈਂਬਰ ਰਾਜੀਵ ਅਗਰਵਾਲ ਨੇ ਆਪਣੇ 43 ਸਫਿਆਂ ਦੇ ਹੁਕਮਾਂ ਵਿੱਚ ਕਿਹਾ ਕਿ ਮਾਰਕੀਟ ਵਿੱਚ ਨਿਵੇਸ਼ ਕਰਨ ਵਾਲੇ ਮੈਂਬਰਾਂ ਨੂੰ ਗੁੰਮਰਾਹ ਕਰਨ ਤੇ ਉਨ੍ਹਾਂ ਨਾਲ ਫਰਾਡ ਕਰਨ ਲਈ ਕੰਪਨੀ ਨੇ ਡੀ ਐਲ ਐਫ ਦੇ ਆਈ ਪੀ ਉਜ਼ ਵਿੱਚ ਸ਼ੇਅਰ ਇਸ਼ੂ ਕਰਨ ਵੇਲੇ ਜਾਣਬੁਝ ਕੇ ਤੇ ਮਿਥ ਕੇ ਅਹਿਮ ਜਾਣਕਾਰੀ ਲੁਕਾ ਕੇ ਰੱਖੀ ਜੋ ਪ੍ਰਤੱਖ ਜ਼ਾਹਰ ਹੁੰਦਾ ਹੈ। ਅਗਰਵਾਲ ਅਨੁਸਾਰ ਇਸ ਕੰਮ ਵਿੱਚ ਹੋਈਆਂ ਬੇਨਿਯਮੀਆਂ ਬਹੁਤ ਗੰਭੀਰ ਹਨ ਅਤੇ ਸਕਿਓਰਟੀਜ਼ ਮਾਰਕੀਟ ਦੀ ਸੁਰੱਖਿਆ ਤੇ ਸਾਖ ’ਤੇ ਇਨ੍ਹਾਂ ਦੇ ਵੱਡੇ ਅਸਰ ਪੈ ਸਕਦੇ ਹਨ। ਉਨ੍ਹਾਂ ਕਿਹਾ ਕਿ ਅੱਗੇ ਤੋਂ ਅਜਿਹਾ ਵਾਪਰਨੋਂ ਰੋਕਣ ਲਈ ਅਜਿਹੀ ਸਖਤ ਕਾਰਵਾਈ ਜ਼ਰੂਰੀ ਹੈ। ਕੰਪਨੀ ਤੇ ਇਸ ਦੇ ਸੀਨੀਅਰ ਅਧਿਕਾਰੀਆਂ ਨੇ ਸੇਬੀ ਦੇ ਡਿਸਕਲੋਜ਼ਰ ਤੇ ਇਨਵੈਸਟਰ ਪ੍ਰੋਟੈਕਸ਼ਨ ਨਿਰਦੇਸ਼ਾਂ ਤੇ ਹੋਰ ਅਮਲਾਂ ਦੀ ਉਲੰਘਣਾ ਕੀਤੀ।
ਜਿਨ੍ਹਾਂ ’ਤੇ ਪਾਬੰਦੀ ਲਾਈ ਗਈ ਹੈ ਉਨ੍ਹਾਂ ਵਿੱਚ ਟੀ.ਸੀ ਗੋਇਲ (ਮੈਨੇਜਿੰਗ ਡਾਇਰੈਕਟਰ), ਕਾਮੇਸ਼ਵਰ ਸਵਰੂਪ ਤੇ ਰਾਮੇਸ਼ ਸਾਂਕਾ ਸ਼ਾਮਲ ਹਨ। ਪਬਲਿਕ ਇਸ਼ੂ ਜਾਰੀ ਕਰਨ ਸਮੇਂ ਭਾਵੇਂ ਜੀਐਸ ਤਲਵਾਰ ਵੀ ਗੈਰ ਕਾਰਜਕਾਰੀ ਡਾਇਰੈਕਟਰ ਸਨ, ਸੇਬੀ ਨੇ ਉਨ੍ਹਾਂ ਨੂੰ ਸ਼ੱਕ ਦਾ ਲਾਭ ਦੇ ਦਿੱਤਾ। 2007 ਵਿੱਚ ਡੀ ਐਲਵਐਫ ਨੇ ਆਈ ਪੀ ਉਜ਼ ਰਾਹੀਂ 9187 ਕਰੋੜ ਰੁਪਏ ਇਕੱਠੇ ਕੀਤੇ ਸਨ।