ਆਮ ਆਦਮੀ ਪਾਰਟੀ ਨੇਤਾ ਵਜੋਂ ਸਿਆਸੀ ਸੰਘਰਸ਼ ਵੀ ਜਾਰੀ
ਸ਼ਬਦੀਸ਼
ਸੰਗਰੂਰ – ਸੰਸਦ ਮੈਂਬਰ ਭਗਵੰਤ ਮਾਨ ਦੀ ਕਾਫੀ ਦੇਰ ਬਾਅਦ ਫਿਲਮੀ ਪਰਦੇ ‘ਤੇ ਵਾਪਸੀ ਹੋ ਰਹੀ ਹੈ, ਪਰ ਇਸਦਾ ਅਰਥ ਇਹ ਨਹੀਂ ਕਿ ਉਹ ਆਪਣੀ ਸਿਆਸੀ ਸਰਗਰਮੀ ’ਚੋਂ ਬਾਹਰ ਹੋ ਰਿਹਾ ਹੈ। ਭਗਵੰਤ ਮਾਨ ਗੌਤਮ ਪ੍ਰੋਡਕਸ਼ਨ ਦੀ 10 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ‘ਪੁਲੀਸ ਇਨ ਪੌਲੀਵੁੱਡ-ਬੱਲੇ ਬੱਲੇ’ ਵਿਚ ਭਗਵੰਤ ਮਾਨ ਪੰਜਾਬ ਪੁਲੀਸ ਦੇ ਡੀ ਐਸ ਪੀ ਦੇ ਕਿਰਦਾਰ ਵਿਚ ਨਜ਼ਰ ਆਉਣਗੇ ਅਤੇ ਆਪਣੇ ਪੁਲਸੀਆ ਕਾਮੇਡੀ ਅੰਦਾਜ਼ ਵਿਚ ਦਰਸ਼ਕਾਂ ਦਾ ਮੰਨੋਰੰਜਨ ਕਰਨਗੇ, ਜਦਕਿ ਉਹ ਸੰਸਦ ਮੈਂਬਰ ਵਜੋਂ ਡੀਜਲ ’ਤੇ ਵੈਟ ਲਗਾਏ ਜਾਣ ਦਾ ਵਿਰੋਧ ਵੀ ਕਰ ਰਹੇ ਹਨ।
ਫਿਲਮ ਦੇ ਪ੍ਰਚਾਰ ਲਈ ਫਿਲਮ ਦੀ ਟੀਮ ਸੰਗਰੂਰ ਦੇ ਇੱਕ ਮਾੱਲ ਵਿਚ ਗਈ ਤਾਂ ਭਗਵੰਤ ਮਾਨ, ਅਦਾਕਾਰਾ ਮਨੀ ਕਪੂਰ, ਡਾਇਰੈਕਟਰ ਤੇ ਅਦਾਕਾਰਾ ਸੁਨੀਤਾ ਧੀਰ ਅਤੇ ਪ੍ਰੋਡਿਊਸਰ ਰਾਜਿੰਦਰ ਗੌਤਮ ਸ਼ਾਮਲ ਸਨ। ਭਗਵੰਤ ਮਾਨ ਨੇ ਦੱਸਿਆ ਕਿ ਇਸ ਫਿਲਮ ਵਿਚ ਪੰਜਾਬ ਪੁਲੀਸ ਦਾ ਇੱਕ ਨਵਾਂ ਰੂਪ ਵੇਖਣ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬੀ ਫਿਲਮਾਂ ਨੇ ਪੂਰੀ ਦੁਨੀਆਂ ਵਿਚ ਆਪਣੀ ਧਾਕ ਜਮਾਈ ਹੈ ਅਤੇ ਮੁਕਾਬਲੇਬਾਜ਼ੀ ਦੇ ਦੌਰ ਵਿਚ ਪੰਜਾਬੀ ਫਿਲਮਾਂ ਵਿਚ ਕਾਫ਼ੀ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਰੰਗ ਤੋਂ ਬਿਨਾਂ ਹੁਣ ਹਿੰਦੀ ਫਿਲਮ ਵੀ ਅਧੂਰੀ ਜਾਪਦੀ ਹੈ। ਪੁਲੀਸ ਇਨ ਪੌਲੀਵੁੱਡ ਵਿਚ ਦਰਸਾਇਆ ਗਿਆ ਹੈ ਕਿ ਪੁਲੀਸ ਨੂੰ ਆਪਣੀ ਇੱਜ਼ਤ ਬਚਾਉਣ ਲਈ ਪੈਸੇ ਦੀ ਲੋੜ ਹੈ ਅਤੇ ਪੈਸੇ ਕਮਾਉਣ ਲਈ ਪੰਜਾਬ ਪੁਲੀਸ ਵੀ ਪੰਜਾਬੀ ਫਿਲਮ ਬਨਾਉਣ ਦੇ ਚੱਕਰ ਵਿਚ ਪੈ ਜਾਂਦੀ ਹੈ ਅਤੇ ਪੁਲੀਸ ਨੂੰ ਕਲਾਕਾਰਾਂ ਦੇ ਨਖ਼ਰੇ ਵੀ ਝੱਲਣੇ ਨਹੀਂ ਆਉਂਦੇ।
ਕਿਸੇ ਫ਼ਿਲਮ ਦਾ ਪਹਿਲੀ ਵਾਰ ਨਿਰਦੇਸ਼ਨ ਕਰ ਰਹੀ ਅਦਾਕਾਰਾ ਸੁਨੀਤਾ ਧੀਰ ਨੇ ਕਿਹਾ ਕਿ ਭਾਵੇਂ ਭਗਵੰਤ ਮਾਨ ਨੂੰ ਦਰਸ਼ਕ ਟੀ ਵੀ ਉਤੇ ਜੁਗਨੂੰ ਦੇ ਤੌਰ ‘ਤੇ ਪੁਲੀਸ ਦੀ ਭੂਮਿਕਾ ਵਿਚ ਵੇਖ ਚੁੱਕੇ ਹਨ ਪਰ ਇਸ ਫਿਲਮ ਵਿਚ ਭਗਵੰਤ ਮਾਨ ਦੀ ਭੂਮਿਕਾ ਨਿਵੇਕਲੀ ਹੈ। ਉਨ੍ਹਾਂ ਦੱਸਿਆ ਕਿ ਫਿਲਮ ਵਿਚ ਅਦਾਕਾਰਾਂ ਵਜੋਂ ਅਨੁਜ, ਮਨੀ ਕਪੂਰ, ਸਰਦੂਲ ਸਿਕੰਦਰ, ਮੁਹੰਮਦ ਸਦੀਕ ਤੇ ਰਾਜ ਬਰਾੜ ਵੀ ਸ਼ਾਮਲ ਹਨ। ਸੰਗੀਤਕਾਰ ਜੈ ਦੇਵ, ਗੀਤਕਾਰ ਬਾਬੂ ਸਿੰਘ ਮਾਨ ਮਰਾੜਾਂ ਵਾਲਾ, ਕੈਮਰਾਮੈਨ ਇੰਦਰਜੀਤ ਬਾਂਸਲ ਹਨ,ਜਦਕਿ ਗੀਤਾਂ ਨੂੰ ਅਵਾਜ਼ ਲਾਭ ਜੰਜੂਆ, ਫਿਰੋਜ਼ ਖਾਨ ਤੇ ਸੁਨਿਧੀ ਚੌਹਾਨ ਨੇ ਦਿੱਤੀ ਹੈ।
ਡੀਜ਼ਲ ’ਤੇ ਵੈਟ ਵਧਾਉਣ ਨਾਲ ਨਹੀਂ ਭਰੇਗਾ ਖ਼ਾਲੀ ਖ਼ਜ਼ਾਨਾ: ਭਗਵੰਤ ਮਾਨ
ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਕਿਸਾਨ ਵਿਰੋਧੀ ਫੈਸਲੇ ਲੈ ਕੇ ਦੇਸ਼ ਦੇ ਅੰਨਦਾਤਾ ਦਾ ਆਰਥਿਕ ਤੌਰ ’ਤੇ ਗਲਾ ਘੁੱਟਿਆ ਜਾ ਰਿਹਾ ਹੈ। ਕੇਂਦਰ ਵੱਲੋਂ ਝੋਨੇ ਦੀ ਫਸਲ ਵਿੱਚ ਨਮੀ ਦੀ ਮਾਤਰਾ ਘਟਾਉਣ ਅਤੇ ਅਕਾਲੀ-ਭਾਜਪਾ ਸਰਕਾਰ ਵੱਲੋਂ ਡੀਜ਼ਲ ’ਤੇ ਵੈਟ ਵਧਾਉਣ ਦੇ ਫ਼ੈਸਲੇ ਕਿਸਾਨ ਵਿਰੋਧੀ ਹਨ ਅਤੇ ਇਹ ਫ਼ੈਸਲੇ ਲੈ ਕੇ ਸਰਕਾਰਾਂ ਨੇ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਦਬੇ ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ। ਭਗਵੰਤ ਮਾਨ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਜਦੋਂ ਸਮੁੱਚੇ ਦੇਸ਼ ਵਿੱਚ ਡੀਜ਼ਲ ਦੀਆਂ ਕੀਮਤਾਂ ਘਟ ਰਹੀਆਂ ਹਨ ਤਾਂ ਪੰਜਾਬ ਸਰਕਾਰ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਚੁੱਪ ਚੁਪੀਤੇ ਡੀਜ਼ਲ ’ਤੇ ਵੈਟ ਵਧਾ ਕੇ ਪੰਜਾਬ ਦੇ ਖ਼ਾਲੀ ਖ਼ਜ਼ਾਨੇ ਨੂੰ ਭਰਨ ਲਈ ਕੋਝੇ ਹੱਥਕੰਡੇ ਵਰਤ ਰਹੀ ਹੈ, ਜਦਕਿ ਲੋੜ ਲੋਕਾਂ ’ਤੇ ਆਰਥਿਕ ਬੋਝ ਪਾਉਣ ਦੀ ਥਾਂ ਪੰਜਾਬ ਸਰਕਾਰ ਨੂੰ ਆਪਣੇ ਫਾਲਤੂ ਖ਼ਰਚ ਘਟਾਉਣ ਦੀ ਹੈ। ਮਾਨ ਨੇ ਕਿਹਾ ਕਿ ਕੇਂਦਰ ਵੱਲੋਂ ਝੋਨੇ ਦੀ ਫ਼ਸਲ ਵਿੱਚ ਨਮੀ ਦੀ ਮਾਤਰਾ ਘਟਾ ਕੇ 17 ਫ਼ੀਸਦੀ ਕਰਨ ਨਾਲ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿੱਚ ਭਾਰੀ ਖੱਜਲ ਖੁਆਰੀ ਸਹਿਣੀ ਪੈ ਰਹੀ ਹੈ।
ਪੰਜਾਬ ਦੇ ਹਾਲਾਤ ਦਾ ਜ਼ਿਕਰ ਕਰਦਿਆਂ ਸੰਸਦ ਮੈਂਬਰ ਨੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਸਾਰੇ ਰਾਜਾਂ ਤੋਂ ਮਹਿੰਗੀ ਹੈ, ਪੈਟਰੋਲ ਤੇ ਡੀਜ਼ਲ ’ਤੇ ਵੈਟ ਸਭ ਤੋਂ ਵੱਧ ਹੈ, ਮੁੱਖ ਮੰਤਰੀ ਦੇ ਪਰਿਵਾਰ ਦਾ ਸਰਕਾਰੀ ਖ਼ਰਚਾ ਸਭ ਤੋਂ ਵੱਧ ਹੈ ਅਤੇ ਸਰਕਾਰ ਦੇ ਮੁਖੀ ਦੀ ਤਨਖਾਹ ਵੀ ਸਾਰੇ ਰਾਜਾਂ ਮੁੱਖ ਮੰਤਰੀਆਂ ਤੋਂ ਵੱਧ ਹੈ। ਅਜਿਹੇ ਹਾਲਾਤ ਵਿੱਚ ਨਾ ਪੰਜਾਬ ਦਾ ਭਲਾ ਹੋ ਸਕਦਾ ਹੈ ਅਤੇ ਨਾ ਹੀ ਵਿਕਾਸ ਹੋ ਸਕਦਾ ਹੈ।
ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪੁਲੀਸ ਤੇ ਸਿਆਸੀ ਲੋਕਾਂ ਦਾ ਗਠਜੋੜ ਪੰਜਾਬ ਲਈ ਚਿੰਤਾ ਦਾ ਵਿਸ਼ਾ ਹੈ, ਜਿਸਨੂੰ ਜਮਾਲਪੁਰਾ ਵਿੱਚ ਦੋ ਸਕੇ ਭਰਾਵਾਂ ਦੇ ਪੁਲੀਸ ਹੱਥੋਂ ਕਤਲ ਦੀ ਘਟਨਾ ਨੇ ਇਸ ਬੇਨਕਾਬ ਕਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਆਪਣੀ ਨਾਕਾਮੀ ਛੁਪਾਉਣ ਲਈ ਮਾਰੇ ਗਏ ਦੋਵੇਂ ਭਰਾਵਾਂ ਨੂੰ ਬਦਮਾਸ਼ ਦੱਸ ਕੇ ਬਦਨਾਮ ਕਰ ਰਹੀ ਹੈ, ਜੋ ਨਿੰਦਣਯੋਗ ਹੈ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਬਣਾਈ ਜਾਂਚ ਟੀਮ ਨੂੰ ਨਕਾਰਦਿਆਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਸੀ ਬੀ ਆਈ ਤੋਂ ਕਰਵਾਈ ਜਾਣੀ ਚਾਹੀਦੀ ਹੈ।