ਹਰਿਆਣਾ ਚੋਣਾਂ : ਸੁਖਬੀਰ ਬਾਦਲ ਨੇ ਪੰਚਕੂਲਾ ਵਿੱਚ ਪੰਜਾਬੀਆਂ ਨੂੰ ਸੰਬੋਧਨ ਕੀਤਾ

0
701

ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਸਿਰਫ਼ ਰੋਹਤਕ ਜ਼ਿਲ੍ਹੇ ਦਾ ਵਿਕਾਸ ਕਰਵਾਇਆ ਹੈ

PKL
ਐਨ ਐਨ ਬੀ

ਪੰਚਕੂਲਾ – ਸੈਕਟਰ-21 ਵਿੱਚ ਹੋਏ ਇਕੱਠ ਨੂੰ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਆਪਣੇ ਜੱਦੀ ਖੇਤਰ ਰੋਹਤਕ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਵਿਕਾਸ ਕਰਵਾਇਆ ਹੈ। ਪੰਚਕੂਲਾ ਖੇਤਰ ਵਿੱਚ ਵਿਕਾਸ ਨਾਂ ਦੀ ਕੋਈ ਚੀਜ਼ ਨਜ਼ਰ ਨਹੀਂ ਆਉਂਦੀ। ਇਸੇ ਲਈ ਪ੍ਰਾਪਰਟੀ ਦੇ ਰੇਟ ਮੁਹਾਲੀ ਵਿੱਚ ਪੰਚੂਲਾ ਤੋਂ ਵੱਧ ਹਨ। ਪੰਚਕੂਲਾ ਦੇ ਸੈਕਟਰ-21 ਵਿੱਚ ਹੋਏ ਭਾਰੀ ਇਕੱਠ ਦੌਰਾਨ ਹਰ ਤਰਫ਼ ਪੰਜਾਬੀ ਨਜ਼ਰ ਆ ਰਹੇ ਸਨ ਅਤੇ ਲਗਦਾ ਹੀ ਨਹੀਂ ਸੀ ਕਿ ਇਹ ਵਿਧਾਨ ਸਭਾ ਚੋਣਾਂ ਲਈ ਹਰਿਆਣਾਵੀ ਲੋਕਾਂ ਦਾ ਇਕੱਠ ਹੈ।

ਉਨ੍ਹਾਂ ਕਿਹਾ ਕਿ ਓਥੇ ਪੰਜਾਬ ਸਰਕਾਰ 200 ਏਕੜ ਦੀ ਆਈ.ਟੀ. ਹੱਬ ਬਣਾ ਰਹੀ ਹੈ। ਨਿਊ ਚੰਡੀਗੜ੍ਹ ਮੈਡੀਕਲ ਹੱਬ ਬਣ ਰਿਹਾ ਹੈ। ਦਿੱਲੀ ਦੇ ਨਾਲ ਗੁੜਗਾਉਂ ਦਾ ਵਿਕਾਸ ਵੀ ਓਮ ਪ੍ਰਕਾਸ਼ ਚੌਟਾਲਾ ਦੀ ਸਰਕਾਰ ਵੇਲੇ ਹੀ ਹੋਇਆ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਚਾਰੇ ਪਾਸੇ ਭੱਠਾ ਬੈਠ ਚੁੱਕਾ ਹੈ। ਕਾਂਗਰਸ ਲੋਕਾਂ ਦਾ ਭਲਾ ਨਹੀਂ ਚਾਹੁੰਦੀ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਨੇਤਾ ਸੋਨੀਆ ਗਾਂਧੀ ਨੂੰ,  ਬਾਜਰਾ ਤਾਂ ਦੂਰ ਦੀ ਗੱਲ ਹੈ, ਮੱਕੀ ਦੇ ਆਟੇ ਦਾ ਪਤਾ ਨਹੀਂ ਕੀ ਹੈ? ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੂੰ ਕਿਸਾਨਾਂ ਦੀਆਂ ਮੁੱਖ ਫਸਲਾਂ ਬਾਰੇ ਗਿਆਨ ਨਹੀਂ, ਉਹ ਲੋਕਾਂ ਨਾਲ ਕੀ ਜੁੜਨਗੇ?

ਇਸ ਮੌਕੇ ਸੁਖਬੀਰ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰੀ ਹਰਿਆਣਾ ਵਿੱਚ ਇਨੈਲੋ ਦੀ ਸਰਕਾਰ ਬਣਾਏ ਜਾਣ ਲਈ ਵੋਟ ਪਾਉਣ। ਇਸ ਮੌਕੇ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਐਨ.ਕੇ. ਸ਼ਰਮਾ ਨੇ ਵੀ ਪੰਜਾਬ ਸਰਕਾਰ ਦਾ ਗੁਣ-ਗਾਇਨ ਕੀਤਾ। ਇਨੈਲੋ ਦੇ ਉਮੀਦਵਾਰ ਕੁਲਭੂਸ਼ਨ ਗੋਇਲ ਨੇ ਕਿਹਾ ਕਿ ਜੇ ਸਾਡੀ ਸਰਕਾਰ ਆਈ ਤਾਂ ਉਹ ਪੰਚਕੂਲਾ ਨੂੰ ਗੁੜਗਾਉਂ ਵਰਗਾ ਬਣਾ ਦੇਣਗੇ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੂੰ ਕਈ ਐਸੋਸੀਏਸ਼ਨਾਂ ਨੇ ਸਨਮਾਨਤ ਵੀ ਕੀਤਾ। ਸਮਾਰੋਹ ਵਿੱਚ ਹਰਿਆਣਾ ਦੇ ਨਾਲ ਲਗਦੇ ਪੰਜਾਬ ਦੇ ਡੇਰਾਬਸੀ, ਜ਼ੀਰਕਪੁਰ, ਬਲਟਾਣਾ, ਹਰਮਿਲਾਪ ਨਗਰ ਅਤੇ ਮੁਹਾਲੀ ਤੱਕ ਤੋਂ ਲੋਕ ਆਏ ਹੋਏ ਸਨ।