ਐਨ ਐਨ ਬੀ
ਨਵੀਂ ਦਿੱਲੀ – ਨਾਮਵਰ ਹਿੰਦੀ ਕਵੀ ਕੇਦਾਰਨਾਥ ਸਿੰਘ ਨੂੰ ਭਾਰਤੀ ਸਾਹਿਤ ‘ਚ ਵੱਡਮੁੱਲਾ ਯੋਗਦਾਨ ਪਾਉਣ ਲਈ ਵੱਕਾਰੀ 49ਵੇਂ ਗਿਆਨਪੀਠ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਪ੍ਰਦਾਨ ਕੀਤਾ। ਇਸ ਮੌਕੇ ਆਪਣੇ ਸੰਬੋਧਨ ‘ਚ ਰਾਸ਼ਟਰਪਤੀ ਨੇ ਕਿਹਾ ਕਿ ਕੇਦਾਰਨਾਥ ਸਿੰਘ ਨੇ ਆਪਣੀਆਂ ਕਵਿਤਾਵਾਂ ‘ਚ ਯਥਾਰਥ ਨੂੰ ਉਭਾਰਿਆ। ਉਨ੍ਹਾਂ ਕਿਹਾ ਕਿ ਕੇਦਾਰਨਾਥ ਸਿੰਘ ਦੀਆਂ ਕਵਿਤਾਵਾਂ ‘ਚ ਆਧੁਨਿਕ ਵਰਤਾਰੇ ਦੇ ਨਾਲ-ਨਾਲ ਰਵਾਇਤੀ ਰੰਗ ਵੀ ਭਰਿਆ ਹੋਇਆ ਹੈ।
ਕੇਦਾਰਨਾਥ ਸਿੰਘ ਮਸ਼ਹੂਰ ਅਧਿਆਪਕ ਹਨ ਅਤੇ ਉਨ੍ਹਾਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ‘ਚ ਵੀ ਪੜ੍ਹਾਇਆ ਹੈ। ਮੁਖਰਜੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਨੌਜਵਾਨ ਪੀੜ੍ਹੀ ਪੁਰਾਤਨ ਕ੍ਰਿਤਾਂ ਨੂੰ ਡੂੰਘਾਈ ਨਾਲ ਪੜ੍ਹੇ। ਸੰਸਦ ਲਾਇਬਰੇਰੀ ਬਿਲਡਿੰਗ ਦੇ ਬਾਲਯੋਗੀ ਆਡੀਟੋਰੀਅਮ ‘ਚ ਹੋਏ ਸਮਾਗਮ ਦੌਰਾਨ ਮੁਖਰਜੀ ਨੇ ਕਿਹਾ ਕਿ ਇਸ ਨਾਲ ਨੈਤਿਕ ਕਦਰਾਂ-ਕੀਮਤਾਂ ਬਹਾਲ ਹੋਣਗੀਆਂ ਅਤੇ ਰਾਸ਼ਟਰ ਨਿਰਮਾਣ ‘ਚ ਸਹਿਯੋਗ ਵੀ ਮਿਲੇਗਾ।