ਰਾਹੁਲ ਗਾਂਧੀ ਦੀ ਚੰਡੀਗੜ੍ਹ ਫੇਰੀ ਮੌਕੇ ਛੇਵੀਂ ਕਤਾਰ ਵਿੱਚ ਬੈਠਣ ਦਾ ਦਰਦ ਬਾਹਰ ਆਇਆ
ਐਨ ਐਨ ਬੀ
ਚੰਡੀਗੜ੍ਹ – ਕੁਲ ਹਿੰਦ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਆਏ ਤੇ ਨੇਤਾਵਾਂ ਨੂੰ ਅਨੁਸ਼ਾਸਨ ਤੇ ਏਕਤਾ ਦਾ ਪਾਠ ਪੜ੍ਹਾ ਕੇ ਚਲੇ ਗਏ, ਪਰ ਕੈਪਟਨ ਅਮਰਿੰਦਰ ਸਿੰਘ ਧੜੇ ਦੇ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਉੱਤੇ ਲਫਜ਼ੀ ਹਮਲੇ ਜਾਰੀ ਹਨ। ਹੁਣ ਤਾਂ ਅੰਦਰਖਾਤੇ ਵਿਰੋਧ ਕਰਦੀ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਕਿੱਟੂ ਗਰੇਵਾਲ ਨੇ ਵੀ ਬਾਜਵਾ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਕਿੱਟੂ ਨੇ ਦੋਸ਼ ਲਾਇਆ ਹੈ ਕਿ ਰਾਹੁਲ ਗਾਂਧੀ ਦੀ ਹਾਲੀਆ ਚੰਡੀਗੜ੍ਹ ਫੇਰੀ ਮੌਕੇ ਉਨ੍ਹਾਂ ਨੂੰ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਨਾਲ ਮਿਲਣ ਤੋਂ ਰੋਕਿਆ ਗਿਆ ਅਤੇ ਨਾਲ ਹੀ ਰਾਹੁਲ ਵਾਲੀ ਮੀਟਿੰਗ ਵਿੱਚ ਛੇਵੀਂ ਕਤਾਰ ਵਿੱਚ ਬੈਠਣ ਲਈ ਮਜਬੂਰ ਕੀਤਾ ਗਿਆ।
ਕਿੱਟੂ ਗਰੇਵਾਲ ਦੀ ਪੰਜਾਬ ਮਹਿਲਾ ਕਾਂਗਰਸ ਪ੍ਰਧਾਨ ਵਜੋਂ ਨਿਯੁਕਤੀ ਵਿਵਾਦਾਂ ਵਿੱਚ ਘਿਰੀ ਹੋਈ ਹੈ। ਪਾਰਟੀ ਸੂਤਰਾਂ ਅਨੁਸਾਰ ਰਾਹੁਲ ਗਾਂਧੀ ਇਹ ਜਾਂਚ ਕਰਵਾਉਣਾ ਚਾਹੁੰਦੇ ਹਨ ਕਿ ਇਹ ਨਿਯੁਕਤੀ ਕਿਵੇਂ ਹੋਈ, ਦੂਜੇ ਪਾਸੇ ਕਿੱਟੂ ਨੇ ਗਾਂਧੀ ਨੂੰ ਲਿਖੇ ਪੱਤਰ ਵਿੱਚ ਦੋਸ਼ ਲਾਇਆ ਹੈ ਕਿ ਚੰਡੀਗੜ੍ਹ ਮੀਟਿੰਗ ਸਮੇਂ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਗਿਆ ਅਤੇ ਬਣਦਾ ਮਾਣ-ਸਤਿਕਾਰ ਨਹੀਂ ਦਿੱਤਾ ਗਿਆ। । ਕਿੱਟੂ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਉਨ੍ਹਾਂ ਨੂੰ ਪ੍ਰਦੇਸ਼ ਪ੍ਰਧਾਨ ਹੋਣ ਦੇ ਨਾਤੇ ਪਹਿਲੀ ਕਤਾਰ ਵਿੱਚ ਸੀਟ ਮਿਲਣੀ ਚਾਹੀਦੀ ਸੀ। ਇਹ ਨਾ ਮਿਲਣ ਪਿੱਛੇ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦਾ ਹੱਥ ਸੀ।