ਐਨ ਐਨ ਬੀ
ਅੰਮ੍ਰਿਤਸਰ – ਸਾਬਕਾ ਸੰਸਦ ਮੈਂਬਰ ਤੇ ਭਾਜਪਾ ਆਗੂ ਨਵਜੋਤ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਸ਼ੁਰੂ ਹੋਈ ਸ਼ਬਦੀ ਜੰਗ ਸੁਰੱੲਖਿਆ ਛਤਰੀ ਬਹਾਲ ਹੋਣ ਬਾਅਦ ਵੀ ਜਾਰੀ ਹੈ। ਜ਼ਿਲ੍ਹਾ ਅਕਾਲੀ ਦਲ ਦੇ ਆਗੂਆਂ ਨੇ ਸਿੱਧੂ ਨੂੰ ਅੰਮ੍ਰਿਤਸਰ ਵਿੱਚ ਕਿਸੇ ਵੇਲੇ ਵੀ ਬਹਿਸ ਲਈ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਭਾਜਪਾ ਹਾਈਕਮਾਂਡ ਕੋਲੋਂ ਮੰਗ ਕੀਤੀ ਹੈ ਕਿ ਗਠਜੋੜ ਵਿੱਚ ਦਰਾੜ ਪਾਉਣ ਦੇ ਦੋਸ਼ ਹੇਠ ਸਿੱਧੂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਸਿੱਧੂ ਨੇ ਆਖਿਆ ਕਿ ਉਹ ਪਹਿਲਾਂ ਹੀ ਆਖ ਚੁੱਕੇ ਹਨ ਕਿ ਅਜਿਹੇ ਕਠਪੁਤਲੀ ਆਗੂਆਂ ਦੀ ਗੱਲ ਦਾ ਕੋਈ ਜਵਾਬ ਨਹੀਂ ਦੇਣਗੇ, ਬਲਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਨਾਲ ਬਹਿਸ ਲਈ ਤਿਆਰ ਹਨ।
ਦੱਸਣਯੋਗ ਹੈ ਕਿ ਨਵਜੋਤ ਸਿੱਧੂ ਵੱਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਪ੍ਰਚਾਰ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਸਿੱਟੇ ਵਜੋਂ ਸੂਬਾ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਛੱਤਰੀ ਵਾਪਸ ਲੈ ਲਈ ਸੀ, ਪਰ ਕੁਝ ਘੰਟਿਆਂ ਬਾਅਦ ਹੀ ਸੁਰੱਖਿਆ ਛੱਤਰੀ ਬਹਾਲ ਕਰ ਦਿੱਤੀ ਗਈ। ਇਸ ਘਟਨਾਕ੍ਰਮ ਦੌਰਾਨ ਕੁਝ ਭਾਜਪਾ ਆਗੂ ਵੀ ਨਵਜੋਤ ਸਿੱਧੂ ਦੇ ਪੱਖ ਵਿੱੲਚ ਆ ਗਏ ਸਨ ਅਤੇ ਇਕੋ ਵੇਲੇ ਸੁਰੱਖਿਆ ਛਤਰੀ ਦੀ ਬਹਾਲੀ ਤੇ ਅਕਾਲੀ-ਭਾਜਪਾ ਗਠਜੋੜ ਕਾਇਮ ਰੱਖਣ ਲਈ ਅਰੁਣ ਜੇਤਲੀ ਦਾ ਭਰੋਸਾ ਸਾਹਮਣੇ ਆ ਗਿਆ।
ਹੁਣ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਉਪਕਾਰ ਸਿੰਘ ਸੰਧੂ ਅਤੇ ਹੋਰ ਅਕਾਲੀ ਕੌਂਸਲਰਾਂ ਤੇ ਆਗੂਆਂ ਨੇ ਸ਼ਹਿਰ ਵਿੱਚ ਸਿੱਧੂ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਆਖਿਆ ਕਿ ਉਨ੍ਹਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬਹਿਸ ਲਈ ਚੁਣੌਤੀ ਦਿੱਤੀ ਹੈ, ਜੋ ਕਿ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਇਸ ਵੇਲੇ ਸਿੱਧੂ ਨਾ ਤਾਂ ਸੰਸਦ ਮੈਂਬਰ ਹਨ ਅਤੇ ਨਾ ਹੀ ਭਾਜਪਾ ਦੇ ਕੋਈ ਅਹੁਦੇਦਾਰ ਹਨ। ਉਹ ਭਾਜਪਾ ਦੇ ਆਮ ਕਾਰਕੁੰਨ ਹਨ। ਉਨ੍ਹਾਂ ਨੂੰ ਬਜ਼ੁਰਗ ਆਗੂ ਖ਼ਿਲਾਫ਼ ਅਜਿਹੇ ਸ਼ਬਦ ਵਰਤਣ ਸਮੇਂ ਆਪਣੇ ਰੁਤਬੇ ਦਾ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਉਹ ਬਹਿਸ ਕਰਨਾ ਚਾਹੁੰਦੇ ਹਨ ਤਾਂ ਜ਼ਿਲ੍ਹਾ ਅਕਾਲੀ ਦਲ ਕਿਸੇ ਵੇਲੇ ਵੀ ਬਹਿਸ ਕਰਨ ਲਈ ਤਿਆਰ ਹੈ। ਉਹ ਉਨ੍ਹਾਂ ਦੀ ਹਰ ਗੱਲ ਦਾ ਢੁੱਕਵਾਂ ਜਵਾਬ ਦੇਣਗੇ।
ਇਨ੍ਹਾਂ ਸਥਾਨਕ ਅਕਾਲੀ ਆਗੂਆਂ ਨੇ ਆਖਿਆ ਕਿ 2009 ਵਿੱਚ ਲੋਕ ਸਭਾ ਚੋਣਾਂ ਸਮੇਂ ਸਿੱਧੂ ਦੀ ਜਿੱਤ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਹੀ ਯਕੀਨੀ ਬਣਾਈ ਸੀ ਅਤੇ ਉਹ ਬਿਕਰਮ ਸਿੰਘ ਮਜੀਠੀਆ ਦੇ ਘਰ ਸ਼ੁਕਰਾਨਾ ਅਦਾ ਕਰਨ ਗਏ ਸਨ। ਉਨ੍ਹਾਂ ਦੀ ਪਤਨੀ ਦੀ ਜਿੱਤ ਵੀ ਅਕਾਲੀ ਦਲ ਨੇ ਹੀ ਯਕੀਨੀ ਬਣਾਈ ਸੀ, ਜਦੋਂ ਸਿੱਧੂ ਨੇ ਸੰਸਦ ਮੈਂਬਰ ਹੋਣ ਦੇ ਬਾਵਜੂਦ ਹਲਕੇ ਤੋਂ ਲਾਪਤਾ ਰਹਿੰਦੇ ਸਨ।