ਹੜ੍ਹਾਂ ਤੋਂ ਦੋ ਮਹੀਨੇ ਬਾਅਦ ਐਲਾਨੇ ਮੋਦੀ ਦੇ ਪੈਕੇਜ ਨਾਲ ਵਾਦੀ ਵਿੱਚ ਸਿਆਸਤ ਗਰਮਾਈ

0
894

Modi Umar

ਐਨ ਐਨ ਬੀ

ਸ੍ਰੀਨਗਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੰਮੂ ਤੇ ਕਸ਼ਮੀਰ ਲਈ ਐਲਾਨੀ ਗਈ ਰਾਹਤ ਰਾਸ਼ੀ ਨਾਲ ਸਿਆਸਤ ਭਖ ਗਈ ਹੈ। ਕਾਂਗਰਸ ਨੇ ਪੈਕੇਜ ਨੂੰ ਹੜ੍ਹ ਪੀੜਤਾਂ ਨਾਲ ਕੋਝਾ ਮਜ਼ਾਕ ਕਰਾਰ ਦਿੱਤਾ ਹੈ। ਰਾਜ ਸਰਕਾਰ ਨੇ 44 ਹਜ਼ਾਰ ਕਰੋੜ ਰੁਪਏ ਦਾ ਕੇਂਦਰ ਤੋਂ ਪੈਕੇਜ ਮੰਗਿਆ ਹੈ। ਮੁੱਖ ਵਿਰੋਧੀ ਧਿਰ ਪੀ ਡੀ ਪੀ ਨੇ ਕਿਹਾ ਕਿ ਮੋਦੀ ਵੱਲੋਂ ਐਲਾਨੀ ਰਾਸ਼ੀ ਪੈਕੇਜ ਦੀ ਕਿਸ਼ਤ ਹੈ। ਜੰਮੂ-ਕਸ਼ਮੀਰ ਕਾਂਗਰਸ ਦੇ ਮੁਖੀ ਸੈਫੂਦੀਨ ਸੋਜ਼ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਪੈਕੇਜ ਸੂਬੇ ਦੇ ਲੋਕਾਂ ਨਾਲ ਮਜ਼ਾਕ ਹੈ ਅਤੇ ਕੇਂਦਰ ਨੇ ਸਹਾਇਤਾ ਦੇ ਨਾਮ ‘ਤੇ ਢਿੱਲੀ ਕਾਰਗੁਜ਼ਾਰੀ ਦਿਖਾਈ ਹੈ।
ਸੋਜ਼ ਨੇ ਕਿਹਾ, “ਸ੍ਰੀ ਮੋਦੀ ਕਸ਼ਮੀਰ ਦੇ ਲੋਕਾਂ ਨੂੰ ਸੁਨੇਹਾ ਦੇ ਰਹੇ ਸਨ ਤਾਂ ਉਨ੍ਹਾਂ ਸ਼੍ਰੀਨਗਰ ਅਤੇ ਕਸ਼ਮੀਰ ‘ਚ ਹੋਈ ਭਾਰੀ ਤਬਾਹੀ ਦਾ ਖਿਆਲ ਰੱਖਣਾ ਚਾਹੀਦਾ ਸੀ।” ਉਨ੍ਹਾਂ ਕਿਹਾ ਕਿ ਪ੍ਰਭਾਵਿਤ ਲੋਕਾਂ ਦੇ ਘਰਾਂ ਦੀ ਉਸਾਰੀ ਲਈ 570 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਉਨ੍ਹਾਂ ਦੇ ਜ਼ਖਮਾਂ ‘ਤੇ ਲੂਣ ਸੁੱਟਣ ਬਰਾਬਰ ਹੈ। ਉਨ੍ਹਾਂ ਦੋ ਮਹੀਨੇ ਦੀ ਦੇਰੀ ਬਾਅਦ ਅੱਗੇ ਆਉਣ ‘ਤੇ ਵੀ ਇਤਰਾਜ਼ ਪ੍ਰਗਟ ਕੀਤਾ।

ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਸੀ ਕਿ ਰਾਹਤ ਪੈਕੇਜ ਬਾਰੇ ਛੇਤੀ ਹੀ ਕੋਈ ਸਪਸ਼ਟੀਕਰਨ ਆਏਗਾ ਕਿ ਇਹ ਰਾਸ਼ੀ ਕਿਸ਼ਤ ਹੈ ਜਾਂ ਪੂਰੀ ਰਕਮ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦਾ ਸਾਰਾ ਧਿਆਨ ਸਰਦੀਆਂ ਤੋਂ ਪਹਿਲਾਂ ਸਾਰਿਆਂ ਨੂੰ ਛੱਤ ਮੁਹੱਈਆ ਕਰਾਉਣ ‘ਤੇ ਲੱਗਾ ਹੋਇਆ ਹੈ। ਰਾਜ ਸਰਕਾਰ ਨੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਕੇਂਦਰ ਤੋਂ 44 ਹਜ਼ਾਰ ਕਰੋੜ ਰੁਪਏ ਦੇ ਰਾਹਤ ਪੈਕੇਜ ਦੀ ਮੰਗ ਕੀਤੀ ਹੈ। ਰਾਜ ਸਭਾ ‘ਚ ਵਿਰੋਧੀ ਧਿਰ ਦੇ ਆਗੂ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਰਾਹਤ ਪੈਕੇਜ ਬਾਰੇ ਪ੍ਰਧਾਨ ਮੰਤਰੀ ਦੇ ਐਲਾਨ ਨੂੰ ਮਖੌਲ ਕਰਾਰ ਦਿੱਤਾ ਅਤੇ ਕਿਹਾ ਕਿ ਹੜ੍ਹਾਂ ਦੌਰਾਨ ਜਾਨਾਂ ਗੁਆਉਣ ਵਾਲੇ ਅਤੇ ਮਾਲੀ ਨੁਕਸਾਨ ਸਹਿਣ ਵਾਲੇ ਲੋਕਾਂ ਦਾ ਇਹ ਅਪਮਾਨ ਹੈ।
ਪੀ ਡੀ ਪੀ ਆਗੂ ਮਹਿਬੂਾ ਮੁਫਤੀ ਨੇ ਕਿਹਾ ਕਿ ਇਹ ਪੂਰਾ ਪੈਕੇਜ ਨਹੀਂ ਹੋਵੇਗਾ ਕਿਉਂਕਿ ਹਰ ਕੋਈ ਜਾਣਦਾ ਹੈ ਕਿ ਵੱਡੇ ਪੱਧਰ ‘ਤੇ ਵਾਦੀ ਵਿੱਚ ਤਬਾਹੀ ਹੋਈ ਹੈ। ਪਾਰਟੀ ਬੁਲਾਰੇ ਨਵੀਮ ਅਖ਼ਤਰ ਨੇ ਕਿਹਾ ਕਿ ਕਸ਼ਮੀਰ ਵਾਦੀ ਨੂੰ ਪੈਕੇਜ ਦੀ ਇਕ ਕਿਸ਼ਤ ਮਿਲੀ ਜਾਪਦੀ ਹੈ। ਸੀ ਪੀ ਐਮ ਆਗੂ ਮੁਹੰਮਦ ਯੂਸਫ ਤਾਰੀਗਾਮੀ ਨੇ ਕੇਂਦਰ ‘ਤੇ ਇਲਜ਼ਾਮ ਲਾਇਆ ਕਿ ਉਹ ਵਾਦੀ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ।
ਮੋਦੀ ਦਾ ਚੋਣ ਸਟੰਟ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੰਮੂ-ਕਸ਼ਮੀਰ ਦੌਰੇ ਨੂੰ ਲੈ ਕੇ ਸਿਆਸਤ ਇਸ ਲਈ ਵੀ ਭਖੀ ਹੋਈ ਹੈ ਕਿਉਂਕਿ ਉੱਥੇ ਆਉਂਦੇ ਮਹੀਨਿਆਂ ‘ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਕਾਂਗਰਸ ਮੋਦੀ ਦੇ ਇਸ ਦੌਰੇ ਨੂੰ ਚੋਣ ਸਟੰਟ ਕਰਾਰ ਦੇ ਰਹੀ ਹੈ। ਸੀਨੀਅਰ ਕਾਂਗਰਸ ਆਗੂ ਪੀ.ਸੀ. ਚਾਕੋ ਨੇ ਕਿਹਾ ਕਿ ਪੂਰਾ ਮੁਲਕ ਜਾਣਦਾ ਹੈ ਕਿ ਪ੍ਰਧਾਨ ਮੰਤਰੀ ਕਸ਼ਮੀਰ ਦੇ ਲੋਕਾਂ ਲਈ ਨਹੀਂ ਸਗੋਂ ਆਪਣੀ ਪਾਰਟੀ (ਭਾਜਪਾ) ਦੀ ਸਹਾਇਤਾ ਲਈ ਉੱਥੇ ਗਏ ਸਨ। ਭਾਜਪਾ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ। ਭਾਜਪਾ ਆਗੂ ਮੁਖ਼ਤਾਰ ਅੱਬਾਸ ਨਕਈ ਨੇ ਕਿਹਾ ਕਿ ਦੌਰੇ ਦਾ ਵੋਟਾਂ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਮੋਦੀ ਪ੍ਰਧਾਨ ਮੰਤਰੀ ਤਾਂ ਪੂਰੇ ਮੁਲਕ ਦੇ ਹਨ ਅਤੇ ਉਹ ਵਾਦੀ ਦੇ ਲੋਕਾਂ ਦੇ ਜ਼ਖ਼ਮਾਂ ‘ਤੇ ਮਲ੍ਹਮ ਲਾਉਣ ਗਏ ਸਨ।