ਕਥੇਰੀਆ ਵੱਲੋਂ ਭਾਜਪਾ ਨੂੰ ਮਜ਼ਬੂਤ ਦਾ ਮਸ਼ਵਰਾ, ਬਾਦਲ ਨੇ ਦਿੱਲੀ ਚੋਣਾਂ ਮਿਲ ਕੇ ਲੜਨ ਦਾ ਐਲਾਨ ਕੀਤਾ
ਸ਼ਬਦੀਸ਼
ਚੰਡੀਗੜ੍ਹ – ਜੇ ਆਮ ਵਰਗੇ ਹਾਲਾਤ ਹੁੰਦੇ ਤਾਂ ਅੰਮ੍ਰਿਤਸਰ ਦੇ ਭਗਤਾਂ ਵਾਲਾ ਗੇਟ ਦੇ ਕੂੜੇ ਕਰਕਟ ਡੰਪ ਸਥਾਨ ਨੂੰ ਲੈ ਕੇ ਭਾਜਪਾ ਅਤੇ ਅਕਾਲੀ ਆਗੂਆਂ ਵਿਚਾਲੇ ਤਣਾਅ ਮਾਮੂਲੀ ਹੋ ਸਕਦਾ ਸੀ, ਪਰ ਹੁਣ ਜਦੋਂ ਭਖਵੀਂ ਜੰਗ ਦਾ ਮੈਦਾਨ ਬਣਦਾ ਜਾ ਰਿਹਾ ਤਾਂ ਇਸਨੂੰ ਗਠਜੋੜ ਸਿਆਸਤ ਅੰਦਰੋਂ ਉਠ ਰਹੀ ਸਿਆਸੀ ਬਦਬੂ ਵਜੋਂ ਵੇਖਿਆ ਜਾ ਸਕਦਾ ਹੈ। ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਤੇ ਅਕਾਲੀ ਆਗੂ ਅਵਤਾਰ ਸਿੰਘ ਟਰੱਕਾਂਵਾਲਾ ਮੇਅਰ ਬਖਸ਼ੀ ਰਾਮ ਅਰੋੜਾ ਦੀ ਸੁਸਤ ਨੀਤੀ ਦੀ ਆਲੋਚਨਾ ਕਰ ਰਹੇ ਹਨ ਅਤੇ ਦੂਜੇ ਪਾਸੇ ਮੇਅਰ ਸੀਨੀਅਰ ਡਿਪਟੀ ਮੇਅਰ ਦੇ ‘ਗ਼ੈਰ ਜ਼ਿੰਮੇਵਾਰਾਨਾ ਬਿਆਨ’ ਨੂੰ ਸਿਆਸੀ ਲਾਹਾ ਲੈਣ ਦੀ ਕਾਰਵਾਈ ਕਰਾਰ ਦੇ ਰਹੇ ਹਨ। ਇਹ ਸਭ ਕੁਝ ਓਦੋਂ ਵਾਪਰ ਰਿਹਾ ਹੈ, ਜਦੋਂ ਨਵਜੋਤ ਸਿੰਘ ਸਿੱਧੂ ਦੀ ਭਖਾਈ ਸਿਆਸੀ ਅੱਗ ਦਾ ਸੇਕ ਪੰਜਾਬ ਭਾਜਪਾ ਦੇ ਇੰਚਾਰਜ ਤੇ ਆਗਰਾ ਤੋਂ ਸੰਸਦ ਮੈਂਬਰ ਰਾਮ ਸ਼ੰਕਰ ਕਥੇਰੀਆਂ ਦੇ ਬਿਆਨਾਂ ’ਚੋ ਵੀ ਮਹਿਸੂਸ ਹੋ ਰਿਹਾ ਹੈ।
ਭਗਤਾਂਵਾਲਾ ਸਥਿਤ ਡੰਪਿੰਗ ਸ਼ਹਿਰੀਕਰਨ ਦੀ ਆਮ ਸਮੱਸਿਆ ਹੈ, ਜਿਸ ਤਹਿਤ ਗ਼ਰੀਬੀ ਭੋਗਦੀਆਂ ਨੇੜਲੀਆਂ ਕਲੋਨੀਆਂ ਅਕਸਰ ਡੰਪ ਦੀ ਬਦਬੂ ਭੋਗਣ ਲਈ ਸਰਾਪੀਆਂ ਜਾਂਦੀਆਂ ਹਨ। ਉਨ੍ਹਾਂ ਨੂੰ ਸਿਹਤ ਸਮੱਸਿਆਵਾਂ ਨਾਲ ਜੂਝਣਾ ਪੈਂਦਾ ਹੈ। ਭਗਤਾਂਵਾਲਾ ਦੇ ਨੇੜਲੇ ਲੋਕ ਡੰਪ ਹਟਾਉਣ ਦੀ ਮੰਗ ਨੂੰ ਲੈ ਕੇ ਧਰਨੇ ਦੇ ਰਹੇ ਹਨ, ਪਰ ਨਰਿੰਦਰ ਮੋਦੀ ਦੇ ‘ਸਵੱਛ ਭਾਰਤ’ ਦੀ ਲਹਿਰ ਲਈ ਝਾੜੂ ਨਾਲ ਫੋਟੋ ਖਿਚਵਾ ਰਹੇ ਗਠਜੋੜ ਆਗੂ ਕੋਈ ਸਪੱਸ਼ਟ ਰੁਖ਼ ਅਖ਼ਤਿਆਰ ਕਰਨ ਦੀ ਥਾਂ ਬਿਆਨਾਂ ਦੀ ਸਿਆਸਤ ਦਾ ਝਾੜੂ ਇਕ-ਦੂਜੇ ਦੇ ਸਿਰ ਝਾੜ ਰਹੇ ਹਨ।ਉਹ ਵੀ ਓਦੋਂ, ਜਦੋਂ ਖ਼ੁਦ ਨਗਰ ਨਿਗਮ ਦੀ ਸਤਾ ਦੇ ਭਾਈਵਾਲ ਹਨ। ਜੇ ਗਠਜੋੜ ਸਿਆਸਤ ਬਦਬੂ ਦਾ ਸ਼ਿਕਾਰ ਨਾ ਹੁੰਦੀ ਤਾਂ ਉਨ੍ਹਾਂ ‘ਕੂੜਾ ਕਰਕਟ ਪ੍ਰਬੰਧ ਪਲਾਂਟ ਸਥਾਪਤ ਕਰਨ ਦੀ ਪ੍ਰਕਿਰਿਆ ਜਾਰੀ ਹੈ’ ਆਖ ਕੇ ਜਨਤਾ ਨੂੰ ਸ਼ਾਂਤ ਕਰਨ ਦੀ ਰਣਨੀਤੀ ਬਣਾ ਲੈਣੀ ਸੀ।
ਇਸੇ ਵਕਤ ਪੰਜਾਬ ਭਾਜਪਾ ਚੰਡੀਗੜ੍ਹ ਵਿੱਚ ਗਠਜੋੜ ਤੋਂ ਮੁਕਤ ਹੋ ਕੇ ‘ਏਕਲਾ ਚਲੋ ਰੇ’ ਦੇ ਰਾਹ ’ਤੇ ਦੌੜਨ ਦੇ ਸਪਸ਼ਟ ਸੰਕੇਤ ਦੇ ਰਹੀ ਹੈ, ਜਦਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਠਿੰਡਾ ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਗਠਜੋੜ ਵੱਲੋਂ ਚੋਣ ਲੜੇ ਜਾਣ ਦਾ ਐਲਾਨ ਕਰਦੇ ਹੋਏ ਪੰਜਾਬ ਦੇ ਸਵਾਲ ਤੋਂ ਟਾਲਾ ਵੱਟ ਰਹੇ ਸਨ। 2017 ਤੱਕ ਕੀ ਵਾਪਰਨਾ ਹੈ, ਇਸਦੇ ਜ਼ਾਹਰਾ ਸੰਕੇਤ ਤਾਂ ਨਗਰ ਕੌਂਸਲ ਚੋਣਾਂ ’ਚ ਭਾਜਪਾ ਦੀ ਸਾਹਮਣੇ ਆਈ ਸ਼ਕਤੀ ਤੈਅ ਕਰੇਗੀ, ਪਰ ਉਸਦਾ 2017 ਦੀਆਂ ਵਿਧਾਨ ਸਭਾ ਚੋਣਾਂ ਇਕੱਲਿਆਂ ਲੜਨ ਦਾ ਰੌਂਅ ਸਪੱਸ਼ਟ ਨਜ਼ਰ ਆ ਰਿਹਾ ਹੈ। ਪੰਜਾਬ ਭਾਜਪਾ ਇੰਚਾਰਜ ਰਾਮ ਸ਼ੰਕਰ ਕਥੇਰੀਆ ਦਾ ਗਠਜੋੜ ਦੀ ਪ੍ਰਵਾਹ ਕੀਤੇ ਬਿਨਾ ਪਾਰਟੀ ਆਗੂਆਂ ਨੂੰ ਪਾਰਟੀ ਮਜ਼ਬੂਤ ਕਰਨ ’ਤੇ ਕੇਂਦਰਤ ਰਣਨੀਤੀ ਉਲੀਕ ਕੇ ਵਪਸ ਪਰਤ ਜਾਣਾ ਖ਼ਤਰੇ ਦੀ ਪਹਿਲੀ ਘੰਟੀ ਹੈ।
ਪੰਜਾਬ ਭਾਜਪਾ ਰਾਜ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਅਹੁਦੇ ਇਕੋ ਪਰਿਵਾਰ ਤੱਕ ਸਿਮਟੇ ਹੋਣ ਤੋਂ ਔਖੀ ਹੈ। ਇਹ ਮੰਗ ਸੁਖਬੀਰ ਸਿੰਘ ਬਾਦਲ ਦੇ ਉਪ ਮੁੱਖ ਮੰਤਰੀ ਬਣਨ ਤੱਕ ਕਈ ਵਾਰ ਉਠਾਈ ਵੀ ਗਈ ਹੈ, ਪਰ ਹੁਣ, ਜਦੋਂ ਕੇਂਦਰ ਸਰਕਾਰ ’ਤੇ ਭਾਜਪਾ ਕਾਬਜ਼ ਹੈ, ਉਹ ਇਸ ਅਹੁਦੇ ’ਤੇ ਦਾਅਵੇਦਾਰੀ ਦੇ ਸੰਕੇਤ ਤੱਕ ਨਹੀਂ ਦੇ ਰਹੀ। ਭਾਜਪਾ ਦੇ ਵਿਧਾਇਕਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਮੀਟਿੰਗ ‘ਚ ਕਥੇਰੀਆ ਨੇ ਭਾਜਪਾ ਦੀ ਮੈਂਬਰਸ਼ਿਪ ਦੁਗਣੀ ਕਰਦੇ ਹੋਏ ਪੰਜਾਬ ’ਚ ਉਹ ਤਾਕਤਵਰ ਧਿਰ ਬਣ ਕੇ ਉਭਰਨ ‘ ’ਤੇ ਜ਼ੋਰ ਦਿੱਤਾ ਹੈ। ਉਹ ਪੰਜਾਬ ਭਾਜਪਾ ਦੇ ਇੰਚਾਰਜ ਦੀ ਹੈਸੀਅਤ ਵਿੱਚ ਪਹਿਲੀ ਵਾਰ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ, ਤਾਂ ਅਕਾਲੀ-ਭਾਜਪਾ ਗੱਠਜੋੜ ਬਾਰੇ ਖੁੱਲ੍ਹ ਕੇ ਬੋਲਣ ਤੋਂ ਗੁਰੇਜ਼ ਕਰ ਰਹੇ ਸਨ। ਉਨ੍ਹਾਂ ਪੰਜਾਬ ਭਾਜਪਾ ਦੇ ਸਾਬਕਾ ਇੰਚਾਰਜ ਸ਼ਾਂਤਾ ਕੁਮਾਰ ਵਾਂਗ ਅਕਾਲੀ ਦਲ ਦੇ ਆਗੂਆਂ ਨਾਲ ਕੋਈ ਮੀਟਿੰਗ ਵੀ ਨਹੀਂ ਕੀਤੀ ਅਤੇ ਨਾ ਹੀ ਅਕਾਲੀ ਦਲ ਤੋਂ ਉਨ੍ਹਾਂ ਨੂੰ ਕੋਈ ਸੱਦਾ ਮਿਲਿਆ ਹੈ।
ਇਸ ਸਾਰੇ ਘਟਨਾਕ੍ਰਮ ਨੂੰ ਸਿਆਸੀ ਮਾਹਰ ਅਕਾਲੀ-ਭਾਜਪਾ ਗਠਜੋੜ ਲਈ ਗੰਭੀਰ ਖ਼ਤਰਾ ਮੰਨ ਰਹੇ ਹਨ। ਇਹ ਪਹਿਲੀ ਵਾਰ ਸੁਣਿਆ ਜਾ ਰਿਹਾ ਹੈ ਕਿ ਗਠਜੋੜ ਦਾ ਕੋਈ ਆਗੂ ਅਜਿਹਾ ਬਿਆਨ ਦੇ ਰਿਹਾ ਹੈ, “ਦੋਵਾਂ ਪਾਰਟੀਆਂ ਦਾ ਗੱਠਜੋੜ ਮਜ਼ਬੂਤ ਹੈ, ਪਰ ਮੈਂ ਇਸ ਦੇ ਭਵਿੱਖ ਬਾਰੇ ਕੁਝ ਨਹੀਂ ਕਹਿ ਸਕਦਾ।” ਕਥੇਰੀਆ ਤਾਂ ਸੰਕੇਤ ਦੇ ਰਹੇ ਹਨ ਕਿ ਜੇਕਰ ਹਰਿਆਣਾ ਵਰਗੇ ਹਾਲਾਤ ਬਣੇ ਤਾਂ ਭਾਜਪਾ 2017 ਦੀਆਂ ਵਿਧਾਨ ਸਭਾ ਚੋਣਾਂ ਇਕੱਲਿਆਂ ਹੀ ਚੋਣਾਂ ਲੜੇਗੀ। ਉਨ੍ਹਾਂ ਕਿਹਾ ਕਿ ਗੱਠਜੋੜ ਨੂੰ ਲੈ ਕੇ ਕੁਝ ਮੁੱਦੇ ਹਨ, ਪਰ ਕਿਉਂਕਿ ਇਨ੍ਹਾਂ ਪਾਰਟੀਆਂ ਨੂੰ ਜਨਤਾ ਨੇ ਸੱਤਾ ਲਈ ਚੁਣਿਆ ਹੈ, ਇਸ ਲਈ ਇਹ ਮਾਮਲੇ ਗੱਲਬਾਤ ਰਾਹੀਂ ਸੁਲਝਾਏ ਜਾ ਸਕਦੇ ਹਨ। ਉਨ੍ਹਾਂ ਕਿਹਾ, ” ਜਦੋਂ ਹੱਦ ਟੱਪ ਜਾਂਦੀ ਹੈ ਤਾਂ ਕੋਈ ਫੈਸਲਾ ਲੈਣਾ ਪੈਂਦਾ ਹੈ।”
ਅਕਾਲੀ-ਭਾਜਪਾ ਗੱਠਜੋੜ ’ਚ ਤਣਾਅ ਬਾਰੇ ਵਾਰ-ਵਾਰ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਭਾਜਪਾ ਗਠਜੋੜ ਧਰਮ ਨਿਭਾਉਣ ‘ਚ ਯਕੀਨ ਰੱਖਦੀ ਹੈ ਅਤੇ ਇਸਨੇ ਨਿਭਾਇਆ ਵੀ ਹੈ। ਇਹ ਸਵਾਲ ਅਕਾਲੀਆਂ ਨੂੰ ਪੁੱਛੋ ਕਿ ਕੀ ਉਨ੍ਹਾਂ ਗਠਜੋੜ ਧਰਮ ਨਿਭਾਇਆ ਹੈ ਜਾਂ ਨਹੀਂ? ਓਧਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀ ਚਰਚਾ ਕੀਤੇ ਬਿਨਾ ਐਲਾਨ ਕੀਤਾ ਹੈ ਕਿ ਅਕਾਲੀ-ਭਾਜਪਾ ਗਠਜੋੜ ਦਿੱਲੀ ਚੋਣਾਂ ਮਿਲ਼ ਕੇ ਲੜੇਗਾ। ਪੰਜਾਬ ਦੇ ਪ੍ਰਸੰਗ ਵਿੱਚ ਆਪਣੀ ਗੱਲ ਗੋਲ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੀ ਕੋਰ ਕਮੇਟੀ ਵਿਚਕਾਰ ਹੋਈ ਗੱਲਬਾਤ ਬਾਰੇ ਉਹ ਕੁਝ ਨਹੀਂ ਕਹਿ ਸਕਦੇ, ਪਰ ਅਕਾਲੀ-ਭਾਜਪਾ ਗਠਜੋੜ ਪੂਰੀ ਤਰ੍ਹਾਂ ਮਜ਼ਬੂਤ ਹੈ। ਅਕਾਲੀ ਦਲ ਤੇ ਭਾਜਪਾ ਨੂੰ ਕੌਮੀ ਅਤੇ ਸੂਬਾ ਪੱਧਰ ’ਤੇ ਬਿਨਾਂ ਸ਼ਰਤ ਸਹਿਯੋਗ ਦਿੱਤਾ ਤੇ ਲਿਆ ਹੈ ਅਤੇ ਇਹ ਸਹਿਯੋਗ ਬਰਕਰਾਰ ਰਹੇਗਾ। ਅਗਾਮੀ ਨਗਰ ਨਿਗਮ ਚੋਣਾਂ ਦੀ ਨੀਤੀ ਦੋਵੇਂ ਧਿਰਾਂ ਆਪਸੀ ਤਾਲਮੇਲ ਨਾਲ ਤੈਅ ਕਰਨਗੀਆਂ। ਉਨ੍ਹਾਂ ਮੰਗ ਉਠਾਈ ਕਿ ਕੇਂਦਰ ਸਰਕਾਰ ਸੂਬਿਆਂ ਨੂੰ ਵੱਧ ਵਿੱਤੀ ਅਧਿਕਾਰ ਦੇਣੇ ਚਾਹੀਦੇ ਹਨ, ਤਾਂ ਜੋ ਸੂਬਿਆਂ ਦੇ ਵਿਕਾਸ ਵਿੱਚ ਕੋਈ ਰੁਕਾਵਟ ਨਾ ਆਵੇ ਅਤੇ ਖੇਤੀ ਪ੍ਰਧਾਨ ਰਾਜ ਵਿੱਚ ਖੇਤੀਬਾੜੀ ਜਿਹੇ ਵਿਸ਼ੇ ਸੂਬਾ ਸਰਕਾਰਾਂ ਦੇ ਅਧਿਕਾਰ ਖੇਤਰ ਵਿੱਚ ਹੋਣੇ ਚਾਹੀਦੇ ਹਨ।