ਐਨ ਐਨ ਬੀ
ਨਵੀਂ ਦਿੱਲੀ – ਅਫ਼ਗਾਨਿਸਤਾਨ ਲਈ ਬਾਹਰੋਂ ਹਮਾਇਤਸ਼ੁਦਾ ਤੇ ਬਾਹਰਲੀ ਮਦਦ ਨਾਲ ਕਰਾਈਆਂ ਜਾ ਰਹੀਆਂ ਅਤਿਵਾਦੀ ਗਤੀਵਿਧੀਆਂ ਸਭ ਤੋਂ ਵੱਡੀ ਤੇ ਮੁੱਖ ਚੁਣੌਤੀ ਕਰਾਰ ਦਿੰਦਿਆਂ ਮੁਲਕ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਪਾਕਿਸਤਾਨ ਪ੍ਰਤੀ ਅਮਰੀਕਾ ਦੀ ਦੋਗਲੀ ਨੀਤੀ ਦੀ ਨਿੰਦਾ ਕੀਤੀ ਤੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਬਰਾਕ ਓਬਾਮਾ ਨੂੰ ਕਿਹਾ ਸੀ ਕਿ ਅਮਰੀਕਾ ਨੂੰ ਸਹੇ ਨਾਲ ਵੀ ਤੇ ਸ਼ਿਕਾਰੀ ਕੁੱਤਿਆਂ ਨਾਲ ਵੀ’ ਰਲ ਕੇ ਚੱਲਣ ਦੀ ਨੀਤੀ ਨਹੀਂ ਅਪਨਾਉਣੀ ਚਾਹੀਦੀ। ਉਨ੍ਹਾਂ ਨੇ ਭਾਰਤ ਤੋਂ ਆਪਣੇ ਮੁਲਕ ਦੀ ਸੈਨਾ ਤੇ ਬਲਾਂ ਲਈ ਮਦਦ ਮੰਗੀ।
ਕਰਜ਼ਈ ਨੇ ਨਵੀਂ ਦਿੱਲੀ ਨੂੰ ਅਫਗਾਨਿਸਤਾਨ ਨਾਲ ਰੱਖਿਆ ਸਹਿਯੋਗ ਵਿੱਚ ‘ਵਧੇਰੇ ਕਾਰਜ’ ਕਰਨ ਲਈ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਖਿੱਤੇ ਵਿੱਚ ਅਤਿਵਾਦ ਨੂੰ ਮਾਤ ਦੇਣ ਲਈ ਭਾਰਤ ਤੇ ਚੀਨ ਨੂੰ ਰਲ ਕੇ ਕੰਮ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਕਰਜ਼ਈ ਨੇ ਦੁਖੀ ਹੋ ਕੇ ਕਿਹਾ ਕਿ ਉਹ 20 ਵਾਰ ਪਾਕਿਸਤਾਨ ਗਏ, ਪਰ ਉਸ ਮੁਲਕ ਨਾਲ ਸਬੰਧ ਵਧੀਆ ਕਰਨ ’ਚ ਪੂਰੀ ਤਰ੍ਹਾਂ ਸਫਲ ਨਹੀਂ ਹੋ ਸਕੇ। ਕਰਜ਼ਈ ਅਕਸਰ ਪਾਕਿਸਤਾਨ ’ਤੇ ਅਫਗਾਨਿਸਤਾਨ ਵਿੱਚ ਦਹਿਸ਼ਤ ਨੂੰ ਸ਼ਹਿ ਦੇਣ ਦੇ ਦੋਸ਼ ਲਾਉਂਦੇ ਰਹੇ ਹਨ। ਇਕ ਮੀਡੀਆ ਗਰੁੱਪ ਵੱਲੋਂ ਕਰਵਾਏ ਲੀਡਰਸ਼ਿਪ ਸਿਖਰ ਸੰਮੇਲਨ ਵਿੱਚ ਉਨ੍ਹਾਂ ਨੂੰ ਇਸ ਤੋਂ ਪਹਿਲਾਂ ਕਹੇ ਗਏ ਕਥਨ ‘‘ਕਿਸੇ ਘਰ ਦੇ ਮਾਲਕ ਨੂੰ ਚੋਰ ਫੜਨ ਤੇ ਘਰ ਦੇ ਦਰ ਉਸ ਦੇ ਲਈ ਖੁੱਲ੍ਹੇ ਰੱਖਣ ਲਈ’’ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਅਰਬੀ ਕਹਾਵਤ ਹੈ ਤੇ ਅਮਰੀਕਾ ਇਸੇ ਪਹੁੰਚ ’ਤੇ ਚੱਲਦਾ ਰਿਹਾ ਹੈ, ਜਦਕਿ ਉਨ੍ਹਾਂ ਦਾ ਮੰਨਣਾ ਸੀ ਕਿ ਇਸ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵੀਡੀਓ ਕਾਨਫਰੰਸ ਮੌਕੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਇਹੋ ਗੱਲ ਕਹੀ ਸੀ, ਪਰ ਉਨ੍ਹਾਂ ਦਾ ਜੁਆਬ ‘ਖਾਮੋਸ਼ੀ ਸੀ ਤੇ ਫਿਰ ਉਨ੍ਹਾਂ ਅਗਲੇ ਵਿਸ਼ੇ ਛੋਹ ਲਏ ਸਨ। ਕਰਜ਼ਈ ਅਨੁਸਾਰ ਅਮਰੀਕਾ ਨੂੰ ਪਾਕਿਸਤਾਨ ਵਿੱਚ ਅਤਿਵਾਦੀਆਂ ਦੇ ਸੁਰੱਖਿਆ ਟਿਕਾਣਿਆਂ ਤੱਕ ਪੁੱਜਣਾ ਚਾਹੀਦਾ ਸੀ। ਭਾਰਤ ਵੱਲੋਂ ਲਗਾਤਾਰ ਮਿਲ ਰਹੀ ਹਮਾਇਤ ਲਈ ਉਨ੍ਹਾਂ ਨੇ ਇਸ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਦੇ ਮੁਲਕ ਨੂੰ ਅਫਗਾਨ ਬਲਾਂ ਤੇ ਅਫਗਾਨ ਸੈਨਾ ਵਿੱਚ ਭਾਰਤ ਦੇ ਬਹੁਤ ਸਹਿਯੋਗ ਦੀ ਲੋੜ ਹੈ। ਉਨ੍ਹਾਂ ਮੁਤਾਬਕ ਫੌਜੀ ਸਾਜ਼ੋ-ਸਮੱਗਰੀ ਬਣਾਉਣ ’ਚ ਵੀ ਭਾਰਤ ਅਫਗਾਨਿਸਤਾਨ ਲਈ ਸਹਾਈ ਹੋ ਸਕਦਾ ਹੈ।
ਤਾਲਿਬਾਨ ਨਾਲ ਸਬੰਧ ਸੁਧਾਰਨ ਦੀਆਂ ਕੋਸ਼ਿਸ਼ਾਂ ਹੋਣ ਪਾਰਦਰਸ਼ੀ : ਭਾਰਤ
ਅਫਗਾਨਿਸਤਾਨ ਦੀਆਂ ਤਾਲਿਬਾਨ ਨਾਲ ਸਬੰਧ ਸੁਧਾਰਨ ਤੇ ਸੁਲਾਹ-ਸਫਾਈ ਦੀਆਂ ਕੋਸ਼ਿਸ਼ਾਂ ਦੀ ਪੁਸ਼ਟੀ ਕਰਦਿਆਂ ਭਾਰਤ ਨੇ ਅੱਜ ਸੰਯੁਕਤ ਰਾਸ਼ਟਰ ਵਿੱਚ ਕਿਹਾ ਕਿ ਅਜਿਹੀ ਕੋਈ ਵੀ ਸਰਗਰਮੀ ਤੇ ਪ੍ਰੋਗਰਾਮ ਕੌਮਾਂਤਰੀ ਬੰਧੇਜ ਦਾ ਮਾਣ-ਸਤਿਕਾਰ ਕਰਨ ਵਾਲਾ, ਦੇਸ਼ ਦੇ ਸੰਵਿਧਾਨ ਦੀ ਮਰਿਆਦਾ ਦਾ ਧਿਆਨ ਰੱਖਣ ਵਾਲਾ, ਪਾਰਦਰਸ਼ੀ ਤੇ ਅਫਗਾਨ ਸਰਕਾਰ ਦੀ ਅਗਵਾਈ ਵਿੱਚ ਹੋਣਾ ਚਾਹੀਦਾ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧ ਅਸ਼ੋਕ ਮੁਖਰਜੀ ਨੇ ‘‘ਸੰਯੁਕਤ ਰਾਸ਼ਟਰ ਦੀ ਅਫਗਾਨਿਸਤਾਨ ਬਾਰੇ ਬਹਿਸ’’ ਮੌਕੇ ਕਿਹਾ ਕਿ ਅਜਿਹੇ ਕਾਰਜ ਲਈ ਸਭ ਸਬੰਧਤ ਧਿਰਾਂ ਦੇ ਦਿਆਨਤਦਾਰੀ ਭਰੇ ਸਹਿਯੋਗ ਦੀ ਲੋੜ ਹੁੰਦੀ ਹੈ।