ਐਨ ਐਨ ਬੀ
ਸਮਰਾਲਾ – ਜਮਾਲਪੁਰ ਦੇ ਕਥਿਤ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰੇ ਗਏ ਬੋਹਾਪੁਰ ਦੇ ਸਕੇ ਭਰਾਵਾਂ ਦਾ ਮਾਮਲਾ ਕਈ ਮੋੜ ਲੈ ਰਿਹਾ ਹੈ। ਪਹਿਲਾਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ‘ਆਖਰੀ ਦਮ ਤੱਕ ਲੜਨ’ ਦਾ ਤਹੱਈਆ ਕਰ ਰਹੇ ਸਨ, ਹੁਣ ਜਦੋਂ ਪੜਤਾਲ ਦੌਰਾਨ ਮਾਰੇ ਗਏ ਨੌਜਵਾਨਾਂ ਨੂੰ ਅਪਰਾਧੀ ਸਾਬਿਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਅਤੇ ਜਬਰ ਵਿਰੋਧੀ ਕਮੇਟੀ ਦੇ ਨੇਤਾ ਤਰਸੇਮ ਜੋਧਾਂ ਨੂੰ ਵਿਰੋਧ ਕਰਦੇ ਲੋਕਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਆਮ ਆਦਮੀ ਪਾਰਟੀ ਦੀ ਸਰਗਰਮੀ ਜਾਂਦੀ ਲੱਗੀ ਹੈ। ਇਸੇ ਦੌਰਾਨ ਸਵੈ ਸੇਵੀ ਸੰਸਥਾ ਨੇ ਪਰਿਵਾਰ ਦੀ ਮਾਲੀ ਇਮਦਾਦ ਕੀਤੀ ਹੈ। ਹੁਣ ਪੰਜਾਬ ਰਾਜ ਅਨਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਰਾਜੇਸ਼ ਬਾਘਾ ਨੇ ਜਮਾਲਪੁਰ ਹੱਤਿਆ ਕਾਂਡ ਵਿੱਚ ਮਾਰੇ ਗਏ ਦੋ ਸਕੇ ਭਰਾਵਾਂ ਦੇ ਪਰਿਵਾਰ ਨੂੰ ਐਲਾਨੀ ਗਈ ਦਸ ਲੱਖ ਦੀ ਰਕਮ ਵਿੱਚੋਂ ਢਾਈ ਲੱਖ ਰੁਪਏ ਦਾ ਚੈੱਕ ਦਿੱਤਾ ਅਤੇ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਕਿ ਬਾਕੀ ਬਚੀ 7.50 ਲੱਖ ਦੀ ਰਾਸ਼ੀ ਵੀ ਜਲਦੀ ਹੀ ਪਰਿਵਾਰ ਨੂੰ ਦਿੱਤੇ ਜਾਣਗੇ। ਉਨ੍ਹਾਂ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇਗਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੇਸ਼ ਬਾਘਾ ਨੇ ਕਿਹਾ ਕਿ ਏ.ਡੀ.ਜੀ ਪੰਜਾਬ ਵੱਲੋਂ ਕੀਤੀ ਜਾ ਰਹੀ ਜਾਂਚ, ਜੋ ਕਿ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੂੰ 29 ਅਕਤੂਬਰ ਨੂੰ ਸੌਂਪੀ ਜਾਣੀ ਹੈ, ਦੀ ਰਿਪੋਰਟ ਸਭ ਤੋਂ ਪਹਿਲਾਂ ਪਰਿਵਾਰ ਨੂੰ ਦਿਖਾਈ ਜਾਵੇਗੀ। ਜੇਕਰ ਪਰਿਵਾਰ ਇਸ ਤੋਂ ਸੰਤੁਸ਼ਟ ਨਹੀਂ ਹੋਵੇਗਾ ਤਾਂ ਦੁਬਾਰਾ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਮ੍ਰਿਤਕ ਨੌਜਵਾਨਾਂ ਦੇ ਪਿਤਾ ਸੱਤਪਾਲ ਨੂੰ ਭਰੋਸਾ ਦਿਵਾਇਆ ਕਿ ਉਹ ਜਲਦੀ ਹੀ ਉਨ੍ਹਾਂ ਦੀ ਬੇਟੀ ਨੂੰ ਸਰਕਾਰੀ ਨੌਕਰੀ ਦਿਵਾਉਣ ਲਈ ਪੰਜਾਬ ਸਰਕਾਰ ਨੂੰ ਲਿਖਣਗੇ।
ਇਸ ਤੋਂ ਪਹਿਲਾਂ ਬਾਘਾ ਸਮਰਾਲਾ ਦੇ ਮਾਲਵਾ ਰਿਜ਼ੋਰਟਸ ਵਿੱਚ ਪਹੁੰਚੇ ਅਤੇ ਉਨ੍ਹਾਂ ਨੇ ਐਸ.ਸੀ. ਸੈੱਲ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ। ਉਸ ਤੋਂ ਬਾਅਦ ਉਹ ਪਿੰਡ ਬੋਹਾਪੁਰ ਦੇ ਪੀੜਤ ਪਰਿਵਾਰ ਦੇ ਘਰ ਪਹੁੰਚੇ ਅਤੇ ਚੈੱਕ ਭੇਟ ਕੀਤਾ। ਉਨ੍ਹਾਂ ਨਾਲ ਭਾਰਤੀ ਕੈਨੇਡੀ, ਦਲੀਪ ਸਿੰਘ ਪਾਂਧੀ, ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਪ੍ਰਕਾਸ਼ ਸਿੰਘ ਗੜਦੀਵਾਲ, ਬਿਕਰਮਜੀਤ ਸਿੰਘ ਚੀਮਾ, ਜ਼ਿਲ੍ਹਾ ਭਲਾਈ ਅਫਸਰ ਰਜਿੰਦਰ ਕੁਮਾਰ ਲੁਧਿਆਣਾ ਤੇ ਸਮਰਾਲਾ ਤਹਿਸੀਲ ਭਲਾਈ ਦਫ਼ਤਰ ਦੇ ਇੰਚਾਰਜ ਅਮਨਦੀਪ ਸਿੰਘ ਆਦਿ ਹਾਜ਼ਰ ਸਨ।