NewZNew (Jalandhar) : ਸਥਾਨਕ ਜਗਤਪੁਰਾ ਮੁਹੱਲਾ ਵਿੱਚ ਕੰਧ ਡਿੱਗਣ ਕਾਰਨ ਪੰਜ ਜਣੇ ਜ਼ਖ਼ਮੀ ਹੋ ਗਏ। ਜ਼ਖਮੀਆਂ ਦੀ ਪਛਾਣ ਚੰਦਰ ਮੋਹਨ, ਰਵੀ, ਬਬਲੂ, ਜੱਜੀ ਤੇ ਰਾਮੂ ਵਜੋਂ ਹੋਈ ਹੈ। ਜ਼ਖ਼ਮੀਆਂ ਦਾ ਸਥਾਨਕ ਸਿਵਲ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਪੰਜੇ ਜਣੇ ਸਥਾਨਕ ਜਗਤਪੁਰਾ ਮਹੁੱਲੇ ’ਚ ਆਪਣੇ ਕਿਸੇ ਜਾਣਕਾਰ ਦੀ ਮੌਤ ਦਾ ਅਫ਼ਸੋਸ ਕਰਨ ਗਏ ਹੋਏ ਸਨ। ਇਨ੍ਹਾਂ ਨਾਲ ਆਏ ਕੁਝ ਹੋਰ ਲੋਕ ਵੀ ਕੰਧ ਦੇ ਨਾਲ ਦਰੀ ਵਿਛਾ ਕੇ ਬੈਠੇ ਹੋਏ ਸਨ। ਅਚਾਨਕ ਦੁਪਹਿਰ ਵੇਲੇ ਸ਼ੁਰੂ ਹੋਏ ਜ਼ੋਰਦਾਰ ਮੀਂਹ ਤੇ ਹਨੇਰੀ ਨਾਲ ਕੰਧ ਉਨ੍ਹਾਂ ’ਤੇ ਡਿੱਗ ਗਈ। ਇਸ ਦੌਰਾਨ ਕੰਧ ਦੀ ਲਪੇਟ ’ਚ ਆਉਣ ਕਾਰਨ ਪੰਜ ਜਣਿਆਂ ਦੇ ਸੱਟਾਂ ਲੱਗੀਆਂ।
ਜ਼ਖ਼ਮੀਆਂ ਨੂੰ ਇਲਾਜ ਲਈ ਤੁਰੰਤ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਜ਼ਖ਼ਮੀਆਂ ’ਚੋਂ ਚੰਦਰਮੋਹਨ ਦੇ ਸਿਰ ’ਚ ਸੱਟ ਲੱਗੀ ਹੈ ਜਦੋਂਕਿ ਬਾਕੀ ਜ਼ਖ਼ਮੀਆਂ ਦੇ ਹੱਥਾਂ ਜਾਂ ਪੈਰਾਂ ’ਤੇ ਸੱਟਾਂ ਲੱਗੀਆਂ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਵੀ ਸ਼ਹਿਰ ’ਚ ਮੀਂਹ ਕਾਰਨ ਮਕਾਨ ਦੀ ਛੱਤ ਡਿੱਗਣ ਕਾਰਨ ਰੌਸ਼ਨ ਲਾਲ ਨਾਂ ਦੇ ਇਕ ਵਿਅਕਤੀ ਦੀ ਮੌਤ ਹੋ ਗਈ ਸੀ, ਜਦੋਂਕਿ ਉਸ ਦੇ ਪਰਿਵਾਰ ਦੇ ਦੋ ਮੈਂਬਰ ਜ਼ਖ਼ਮੀ ਹੋ ਗਏ ਸਨ। ਨਗਰ ਨਿਗਮ ਵੱਲੋਂ ਵੀ ਸ਼ਹਿਰ ’ਚ ਕਮਜ਼ੋਰ ਇਮਾਰਤਾਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ।