ਰੀਅਲ ਅਸਟੇਟ ਬਾਰੇ ਸੇਵਾਵਾਂ ਦਿੰਦੀ ਰੂਪੋਸ਼ ਵਕੀਲ ਦੇ ਭਾਰਤ ’ਚ ਹੋਣ ਦੇ ਚਰਚੇ
ਐਨ ਐਨ ਬੀ
ਟੋਰਾਂਟੋ – ਮਿਸੀਸਾਗਾ ਸ਼ਹਿਰ ਵਿੱਚ ਕੁਝ ਵਰ੍ਹਿਆਂ ਤੋਂ ਰੀਅਲ ਐਸਟੇਟ ਬਾਰੇ ਸੇਵਾਵਾਂ ਦਿੰਦੀ ਵਕੀਲ ਰੀਟਾ ਗਰੇਵਾਲ ਆਪਣੇ ਗਾਹਕਾਂ ਨਾਲ 35 ਲੱਖ ਡਾਲਰ ਦੀ ਧੋਖਾਧੜੀ ਕਰ ਕੇ ਭਾਰਤ ਫ਼ਰਾਰ ਹੋ ਗਈ ਹੈ। ਕੈਨੇਡਾ ਦੀ ਲਾਅ ਸੋਸਾਇਟੀ ਮੁਤਾਬਕ ਰੀਟਾ ਗਰੇਵਾਲ ਆਪਣਾ ਘਰ ਛੱਡ ਕੇ ਜੁਲਾਈ ਵਿੱਚ ਰੂਪੋਸ਼ ਹੋ ਗਈ ਸੀ। ਸੋਸਾਇਟੀ ਨੇ ਉਸਦਾ ਲਾਈਸੈਂਸ ਮੁਲਤਵੀ ਕਰ ਦਿੱਤਾ ਹੈ। ਟ੍ਰਿਬਿਊਨਲ ਸੁਣਵਾਈ ਦੌਰਾਨ ਡੇਵਿਡ ਰਾਈਟ ਨੇ ਦੱਸਿਆ ਕਿ ਰੀਟਾ ਗਰੇਵਾਲ ਨੇ ਲੋਕਾਂ ਦਾ ਪੈਸਾ ਹੜੱਪ ਕੇ ਕੈਨੇਡਾ ’ਚੋਂ ਚਲੇ ਜਾਣ ਦੀ ਪੂਰੀ ਵਿਉਂਤ ਬਣਾਈ ਹੋਈ ਸੀ। ਉਸਦੀ ਗੁਮਸ਼ੁਦਗੀ ਮਗਰੋਂ ਲਾਅ ਸੋਸਾਇਟੀ ਨੂੰ ਗਾਹਕਾਂ ਵੱਲੋਂ ਦਰਜਨ ਹੋਰ ਸ਼ਿਕਾਇਤਾਂ ਮਿਲੀਆਂ ਹਨ।
ਰੀਟਾ ਗਰੇਵਾਲ ਨੇ ਆਰ.ਜੀ. ਬੈਰਿਸਟਰ/ਸਾਲਿਸਟਰ ਕਾਰਪੋਰੇਸ਼ਨ ਦੇ ਨਾਂ ਹੇਠ ਇਸ ਸਾਲ ਫਰਵਰੀ ਤੋਂ ਜੁਲਾਈ ਤੱਕ ਕੰਮ ਕੀਤਾ। ਸੂਤਰਾਂ ਮੁਤਾਬਕ ਉਸਨੇ ਭਾਰਤ ਵਿੱਚ ਵਕਾਲਤ ਕੀਤੀ ਅਤੇ 2005 ਵਿੱਚ ਕੈਨੇਡਾ ਆ ਗਈ ਤੇ ਕਰੀਬ ਤਿੰਨ ਸਾਲ ਬਾਅਦ ਉਹ ਇਕ ਪਰਸਨਲ ਇੰਜਰੀ ਲਾਅ ਫਰਮ ਨਾਲ ਜੁੜ ਗਈ। ਉਸਨੇ 2011 ਵਿੱਚ ਵਕਾਲਤ ਨੂੰ ਆਪਣਾ ਪੇਸ਼ਾ ਬਣਾ ਲਿਆ। ਉਹ ਕੁਝ ਸਮਾਂ ਸਾਊਥ ਏਸ਼ੀਅਨ ਵਿਮੈਨਜ਼ ਸੈਂਟਰ ਵਿੱਚ ਬੋਰਡ ਮੈਂਬਰ ਵੀ ਰਹੀ ਪਰ ਪਿਛਲੇ ਸਾਲ ਉਸਨੇ ਕਿਸੇ ਨਿੱਜੀ ਕਾਰਨ ਕਰਕੇ ਅਸਤੀਫ਼ਾ ਦੇ ਦਿੱਤਾ। ਉਸਦੇ ਨਾਲ ਕੰਮ ਕਰਦੀ ਵਕੀਲ ਮੌਇਰਾ ਗਰੇਸੀ ਮੁਤਾਬਕ ਰੀਟਾ ਗਰੇਵਾਲ’ ਦਾ ਪਤੀ ਵੀ ਉਸੇ ਫਰਮ ਵਿੱਚ‘ਫਾਈਲ ਕਲਰਕ ਸੀ ਪਰ ਆਪਸੀ ਅਣਬਣ ਕਾਰਨ ਤਲਾਕ ਮਗਰੋਂ ਉਹ ਭਾਰਤ ਪਰਤ ਗਿਆ।
ਸੂਤਰਾਂ ਮੁਤਾਬਕ ਰੀਟਾ ਗਰੇਵਾਲ ਦੀ ਬੈਂਕ ਨੇ ਉਸਦੇ ਟਰੱਸਟੀ ਖਾਤੇ ਨੂੰ ਸੀਲ ਕਰ ਦਿੱਤਾ ਹੈ, ਜਿਸ ਵਿੱਚ ਇਕ ਲੱਖ ਡਾਲਰ ਤੋਂ ਘੱਟ ਰਕਮ ਹੈ। ਉਸਦੇ ਕਰੈਡਿਟ ਕਾਰਡਾਂ ਦੀ ਹਰਕਤ ਤੋਂ ਪਤਾ ਲੱਗਦਾ ਹੈ ਕਿ ਉਹ ਇਸ ਵੇਲੇ ਭਾਰਤ ਵਿੱਚ ਹੈ ਪਰ ਲਾਅ ਸੁਸਾਇਟੀ ਆਫ਼ ਕੈਨੇਡਾ ਕੋਲ ਏਨਾ ਹੱਕ ਨਹੀਂ ਹੈ ਕਿ ਉਸਨੂੰ ਭਾਰਤ ’ਚੋਂ ਕਾਨੂੰਨਨ ਮੰਗਵਾ ਕੇ ਕੈਨੇਡਾ ਵਿੱਚ ਸਜ਼ਾ ਦਿਵਾ ਸਕੇ। ਲਾਅ ਸੁਸਾਇਟੀ ਨੇ ਪੁਲੀਸ ਕੋਲ ਕੇਸ ਦਰਜ ਕਰਵਾ ਦਿੱਤਾ ਹੈ ਪਰ ਕੈਨੇਡਾ ਦੀ ਕੌਮੀ ਪੁਲੀਸ ਆਰ.ਸੀ.ਐਮ.ਪੀ. ਨੇ ਰੀਟਾ ਗਰੇਵਾਲ ਖ਼ਿਲਾਫ਼ ਜਾਂਚ ਬਾਰੇ ਅਜੇ ਕੋਈ ਸੰਕੇਤ ਨਹੀਂ ਦਿੱਤੇ।