ਐਨ ਐਨ ਬੀ
ਸਮਰਾਲਾ – ਸਮਰਾਲਾ ਪੁਲੀਸ ਨੇ ਰੂਪਨਗਰ ਦੇ ਤ੍ਰਿਸ਼ੂਲ ਮਾਰਚ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਲੁਧਿਆਣਾ ਦੇ ਸ਼ਿਵ ਸੈਨਾ ਵਰਕਰਾਂ ਨੂੰ ਰੋਕ ਲਿਆ ਅਤੇ ਉਨ੍ਹਾਂ ਦੀਆਂ ਗੱਡੀਆਂ ਦੀਆਂ ਚਾਬੀਆਂ ਖੋਹ ਲਈਆਂ। ਗੁੱਸੇ ਵਿੱਚ ਆਏ ਸ਼ਿਵ ਸੈਨਾ ਦੇ ਵਰਕਰ ਸੜਕ ’ਤੇ ਹੀ ਧਰਨਾ ਮਾਰ ਕੇ ਬੈਠ ਗਏ।
ਕਰੀਬ ਇੱਕ ਘੰਟਾ ਸੜਕ ‘ਤੇ ਬੈਠਣ ਤੋਂ ਬਾਅਦ ਸ਼ਿਵ ਸੈਨਾ, ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ ਦੀ ਅਗਵਾਈ ਵਿੱਚ ਕਰੀਬ 50 ਵਰਕਰਾਂ ਨੇ ਐਸ.ਡੀ.ਐਮ. ਦਫ਼ਤਰ ਤੋਂ ਲੈ ਕੇ ਮੁੱਖ ਚੌਕ ਅਤੇ ਪੁਲੀਸ ਸਟੇਸ਼ਨ ਤੱਕ ਰੋਸ ਮਾਰਚ ਕੀਤਾ। ਸਮਰਾਲਾ ਪੁਲੀਸ ਨੇ ਉਨ੍ਹਾਂ ਨੂੰ ਕਰੀਬ ਪੰਜ ਘੰਟੇ ਪੁਲੀਸ ਸਟੇਸ਼ਨ ਵਿੱਚ ਬਿਠਾਈ ਰੱਖਿਆ। ਸ਼ਿਵ ਸੈਨਾ ਦੇ ਵਰਕਰਾਂ ਨੇ ਹੱਥਾਂ ਵਿੱਚ ਤ੍ਰਿਸ਼ੂਲ ਫੜੇ ਹੋਏ ਸਨ ਅਤੇ ਉਹ ‘ਹਰ ਹਰ ਮਹਾਂ ਦੇਵ’ ਦੇ ਨਾਅਰੇ ਲਗਾ ਰਹੇ ਸਨ।
ਸ਼ਿਵ ਸੈਨਾ ਨੇਤਾ ਰਾਜੀਵ ਟੰਡਨ ਨੇ ਦੱਸਿਆ ਕਿ ਉਹ ਰੂਪਨਗਰ ਵਿੱਚ ਕੱਢੇ ਗਏ ਤ੍ਰਿਸ਼ੂਲ ਮਾਰਚ ਵਿੱਚ ਹਿੱਸਾ ਲੈਣ ਲਈ ਜਾ ਰਹੇ ਸਨ, ਜਦੋਂ ਸਮਰਾਲਾ ਪੁਲੀਸ ਨੇ ਉਨ੍ਹਾਂ ਨੂੰ ਜਬਰੀ ਰੋਕ ਲਿਆ ਹੈ। ਇਹ ਤ੍ਰਿਸ਼ੂਲ ਮਾਰਚ ਪਿਛਲੇ ਦਿਨੀਂ ਮਾਲੇਰਕੋਟਲਾ ਵਿੱਚ ਹੋਈ ਗਊ ਹੱਤਿਆ ਦੇ ਰੋਸ ਵਜੋਂ ਰੂਪਨਗਰ ਵਿੱਚ ਹੋ ਰਿਹਾ ਸੀ ਅਤੇ ਰਾਤ ਨੂੰ ਹੀ ਰੂਪਨਗਰ ਪੁਲੀਸ ਨੇ ਸ਼ਿਵ ਸੈਨਾ ਦੇ ਪ੍ਰਧਾਨ ਸੰਜੀਵ ਧਨੋਲੀ ਅਤੇ ਸ਼ਿਵ ਸੈਨਾ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਨ੍ਹਾਂ ਮੰਗ ਕੀਤੀ ਕਿ ਸੰਜੀਵ ਧਨੋਲੀ ਖ਼ਿਲਾਫ਼ ਰੂਪਨਗਰ ਪੁਲੀਸ ਵੱਲੋਂ ਦਰਜ ਕੀਤਾ ਗਿਆ ਝੂਠਾ ਕੇਸ ਰੱਦ ਕੀਤਾ ਜਾਵੇ ਅਤੇ ਪੰਜਾਬ ਵਿੱਚ ਹੋ ਰਹੀ ਗਊ ਹੱਤਿਆ ਨੂੰ ਬੰਦ ਕੀਤਾ ਜਾਵੇ।
ਇਸ ਸਬੰਧ ਵਿੱਚ ਸਮਰਾਲਾ ਪੁਲੀਸ ਸਟੇਸ਼ਨ ਦੇ ਐੱਸ.ਐੱਚ.ਓ ਅਸ਼ਵਨੀ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸ਼ਿਵ ਸੈਨਾ ਦੇ ਕਿਸੇ ਵੀ ਵਰਕਰ ਦੀ ਗੱਡੀ ਦੀ ਚਾਬੀ ਨਹੀਂ ਖੋਹੀ ਅਤੇ ਨਾ ਹੀ ਕਿਸੇ ਨੂੰ ਗ੍ਰਿਫ਼ਤਾਰ ਕੀਤਾ ਹੈ।