ਐਨ ਐਨ ਬੀ
ਨਵੀਂ ਦਿੱਲੀ – ਭਾਰਤ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਕਿਹਾ ਹੈ ਕਿ ਕੋਈ ਵੀ ਮਸਲਾ ਅਜਿਹਾ ਨਹੀਂ ਹੈ, ਜਿਹੜਾ ਗੱਲਬਾਤ ਰਾਹੀਂ ਹੱਲ ਨਹੀਂ ਕੀਤਾ ਜਾ ਸਕਦਾ, ਪਰ ਇਹ ਰਾਹ ਪੱਧਰਾ ਕਰਨ ਲਈ ਪਾਕਿਸਤਾਨ ਨੂੰ ਅਤਿਵਾਦ ਖ਼ਿਲਾਫ਼ ਅਸਰਦਾਰ ਢੰਗ ਨਾਲ ਕਦਮ ਉਠਾਉਣੇ ਪੈਣਗੇ। ਗੌਰਤਲਬ ਹੈ ਕਿ ਕੱਲ੍ਹ ਹੀ ਭਾਰਤ ਵਿੱਚ ਪਾਕਿਸਤਾਨ ਦੇ ਰਾਜਦੂਤ ਅਬਦੁੱਲ ਬਾਸਿਤ ਨੇ ਸੋਨੀਪਤ ਵਿਖੇ ਜਿੰਦਲ ਗਲੋਬਲ ਯੂਨੀਵਰਸਿਟੀ ਵਿਖੇ ਸਮਾਗਮ ਦੌਰਾਨ ਕਿਹਾ ਸੀ ਕਿ ਦੋਹਾਂ ਦੇਸ਼ਾਂ ਵਿਚਕਾਰ ਨਿਰਵਿਘਨ ਵਾਰਤਾ ਚੱਲਣੀ ਚਾਹੀਦੀ ਹੈ।
ਇਸੇ ਦੌਰਾਨ ਰੱਖਿਆ ਮੰਤਰੀ ਅਰੁਣ ਜੇਤਲੀ ਨੇ ਐਨ ਡੀ ਟੀ ਵੀ ਨਾਲ ਇਕ ਇੰਟਰਵਿਊ ’ਚ ਕਿਹਾ ਕਿ ਭਾਰਤ ਦੀ ਰਵਾਇਤੀ ਤਾਕਤ, ਗੁਆਂਢੀ ਮੁਲਕ ਨਾਲੋਂ ਕਿਤੇ ਵੱਧ ਹੈ। ਜੇਕਰ ਉਹ ਗੋਲੀਬੰਦੀ ਦੀ ਉਲੰਘਣਾ ਦੀ ਜ਼ਿੱਦ ਤੋਂ ਨਹੀਂ ਟਲਦਾ ਤਾਂ ਇਸ ਨੂੰ ਆਪਣੇ ਅਜਿਹੇ ਇਰਾਦੇ ਬਹੁਤ ਮਹਿੰਗੇ ਪੈ ਸਕਦੇ ਹਨ।
ਕੰਟਰੋਲ ਰੇਖਾ ਪਾਰੋਂ ਘੁਸਪੈਠ ਬੰਦ ਹੋਣੀ ਚਾਹੀਦੀ ਹੈ : ਕੈਮਰਾਨ
ਲੰਡਨ: ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ ਉਪਰ ਘੁਸਪੈਠ ਅਤੇ ਹਮਲੇ ਇੱਕਦਮ ਬੰਦ ਹੋਣੇ ਚਾਹੀਦੇ ਹਨ। ਭਾਰਤ ਅਤੇ ਪਾਕਿਸਤਾਨ ਨੂੰ ਤਣਾਅ ਘੱਟ ਕਰਨ ਲਈ ਗੱਲਬਾਤ ਦਾ ਅਮਲ ਸ਼ੁਰੂ ਕਰਨਾ ਚਾਹੀਦਾ ਹੈ। ਐਨ ਡੀ ਟੀ ਵੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਕੰਟਰੋਲ ਰੇਖਾ ’ਤੇ ਬੇਚੈਨੀ ਨਹੀਂ ਚਾਹੁੰਦੇ।