ਐਨ ਐਨ ਬੀ
ਚੰਡੀਗੜ੍ਹ – ਚੰਡੀਗੜ੍ਹ ਦੇ ਨਾਲ ਲਗਦੇ ਪਿੰਡ ਮੁੱਲਾਂਪੁਰ ਗਰੀਬਦਾਸ ਦੀ ਪੁੱਤਰੀ ਅਤੇ ਭਾਰਤੀ ਮੂਲ ਦੀ ਕੈਨੇਡਾ ਵਸਦੀ ਦੇਵੀ ਸ਼ਰਮਾ ਲਗਾਤਾਰ ਦੂਜੀ ਵਾਰ ਵਿਨੀਪੈੱਗ ਤੋਂ ਨਗਰ ਕੌਂਸਲਰ ਚੁਣੀ ਗਈ ਹੈ। ਦੇਵੀ ਸ਼ਰਮਾ ਭਾਰਤੀ ਮੂਲ ਦੀ ਪਹਿਲੀ ਮਹਿਲਾ ਹੈ, ਜਿਸ ਨੂੰ ਨਗਰ ਕੌਂਸਲ ਦੀ ਸਪੀਕਰ ਬਣਨ ਦਾ ਮਾਣ ਪ੍ਰਾਪਤ ਵੀ ਹੋ ਚੁੱਕਾ ਹੈ। ਉਸ ਨੇ ਆਪਣੀ ਨੇੜਲੇ ਵਿਰੋਧੀ ਉਮੀਦਵਾਰ ਸ੍ਰੀਮਤੀ ਸੁਜ਼ੈਨ ਹਰਿਨਾਇਕ ਨੂੰ ਹਰਾ ਕੇ ਇਹ ਚੋਣ ਜਿੱਤੀ ਹੈ।
ਵਿਨੀਪੈੱਗ ਤੋਂ ਡਾਕਟਰ ਅਵਿਨਾਸ਼ ਜੌਲੀ, ਜਿਹੜੇ ਕਿ ਦੇਵੀ ਸ਼ਰਮਾ ਦੇ ਹਮਾਇਤੀ ਹਨ, ਨੇ ਫੋਨ ‘ਤੇ ਦੱਸਿਆ ਕਿ ਦੋਵਾਂ ਉਮੀਦਵਾਰਾਂ ‘ਚ ਇਸ ਵਾਰ ਫਸਵਾਂ ਮੁਕਾਬਲਾ ਸੀ। ਦੇਵੀ ਸ਼ਰਮਾ ਨੂੰ 5922 ਵੋਟ ਮਿਲੇ ਜਦਕਿ ਵਿਰੋਧੀ ਉਮੀਦਵਾਰ ਨੂੰ 5732 ਵੋਟ ਮਿਲੇ ਹਨ। ਉਨ੍ਹਾਂ ਨੇ 190 ਵੋਟਾਂ ਦੇ ਫਰਕ ਨਾਲ ਚੋਣ ਜਿੱਤੀ ਹੈ। ਦੱਸਣਯੋਗ ਹੈ ਕਿ ਦੇਵੀ ਸ਼ਰਮਾ ਵਿਰੁੱਧ ਚੋਣ ਲੜਣ ਵਾਲੀ ਉਮੀਦਵਾਰ ਸੁਜ਼ੈਨ ਹਰਿਨਾਇਕ ਵਿਨੀਪੈੱਗ ਸਕੂਲ ਡਵੀਜ਼ਨ ਬੋਰਡ ਦੀ ਸਾਬਕਾ ਚੇਅਰਪਰਸਨ ਅਤੇ ਕਿੱਤੇ ਵਜੋਂ ਨਰਸ ਹੈ। ਦੇਵੀ ਸ਼ਰਮਾ ਭਾਰਤੀ ਮੂਲ ਦੀ ਪਹਿਲੀ ਉਮੀਦਵਾਰ ਹੈ, ਜਿਸ ਨੂੰ ਨਗਰ ਕੌਂਸਲਰ ਬਣਨ ਦਾ ਮਾਣ ਮਿਲਿਆ ਹੈ। ਉਸ ਦੇ ਮਾਣ ਵਿੱਚ ਇਹ ਹੋਰ ਵਾਧਾ ਹੋ ਗਿਆ ਜਦੋਂ ਦੂਜੀ ਵਾਰ ਵੀ ਜਿੱਤ ਉਨ੍ਹਾਂ ਦੀ ਝੋਲੀ ਪੈ ਗਈ। ਚੋਣ ਮੈਦਾਨ ਵਿੱਚ ਨਿੱਤਰੇ ਤੀਜੇ ਉਮੀਦਵਾਰ ਡੋਵੈਨ ਮਾਰਟਿਨ ਨੂੰ 2932 ਵੋਟਾਂ ਹੀ ਮਿਲ ਸਕੀਆਂ। ਦੇਵੀ ਸ਼ਰਮਾ ਨੇ ਸਾਲ 2010 ਦੀਆਂ ਚੋਣਾਂ ਵਿੱਚ ਵੀ ਇਸੇ ਓਲਡ ਕਿਲਡੌਕਨ ਵਾਰਡ ‘ਚ ਚੋਣ ਜਿੱਤੀ ਸੀ। ਇਹ ਦੂਜੀ ਵਾਰ ਹੈ ਜਦੋਂ ਇਸ ਵਾਰਡ ਦੇ ਵੋਟਰਾਂ ਨੇ ਵਿਦੇਸ਼ੀ ਉੱਤੇ ਭਰੋਸਾ ਪ੍ਰਗਟ ਕੀਤਾ ਹੈ। ਉਨ੍ਹਾਂ ਦੇ ਵਿਰੋਧ ‘ਚ ਚੋਣ ਲੜਨ ਵਾਲੇ ਦੋਵੇਂ ਉਮੀਦਵਾਰ ਗੋਰੇ ਸਨ।
ਡਾਕਟਰ ਜੌਲੀ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਹੋਈ ਚੋਣ ‘ਚ ਵੋਟਾਂ ਦੀ ਗਿਣਤੀ ਵੇਲੇ ਸ਼ੁਰੂ ਤੋਂ ਹੀ ਥੋੜ੍ਹਾ ਫਰਕ ਚਲਿਆ ਆ ਰਿਹਾ ਸੀ ਪਰ ਅਖੀਰ ‘ਚ ਜਿੱਤ ਦੇਵੀ ਸ਼ਰਮਾ ਨੂੰ ਨਸੀਬ ਹੋਈ। ਚੋਣਾਂ ਦੇ ਐਲਾਨ ਵੇਲੇ ਕੋਈ ਰੌਲਾ-ਰੱਪਾ ਨਹੀਂ ਸੀ ਸਗੋਂ ਗਿਣੇ-ਚੁਣਵੇਂ ਸਮਰਥਕ ਹੀ ਚੋਣ ਦਫਤਰ ‘ਚ ਮੌਜੂਦ ਸਨ। ਉਨ੍ਹਾਂ ਨੇ ਨਗਰ ਕੌਂਸਲ ਦੀ ਸਿਆਸਤ ਵਿੱਚ ਪੈਰ ਰੱਖਣ ਤੋਂ ਪਹਿਲਾਂ ਇਕ ਹੋਰ ਕੌਂਸਲਰ ਮਾਈਕ ਓਸ਼ੋਗੇਸ਼ੀ ਦੇ ਦਫਤਰ ਵਿੱਚ ਕਾਰਜਕਾਰੀ ਸਹਾਇਕ ਵਜੋਂ ਕੰਮ ਕਰਦੇ ਰਹੇ ਹਨ। ਮਾਈਕ ਇਸੇ ਵਾਰਡ ਦੀ ਪ੍ਰਤੀਨਿਧਤਾ ਕਰ ਚੁੱਕੇ ਹਨ।
ਦੱਸਣਯੋਗ ਹੈ ਕਿ ਦੇਵੀ ਸ਼ਰਮਾ ਤੋਂ ਪਹਿਲਾਂ ਵਿਨੀਪੈੱਗ ਹੀ ਨਹੀਂ ਸਗੋਂ ਕੈਨੇਡਾ ਦੇ ਕਿਸੇ ਸ਼ਹਿਰ ਵਿੱਚ ਵੀ ਭਾਰਤੀ ਮੂਲ ਦੀ ਕੋਈ ਮਹਿਲਾ ਨਗਰ ਕੌਂਸਲ ਦੀ ਸਪੀਕਰ ਨਹੀਂ ਬਣੀ ਹੈ। ਵਿਨੀਪੈੱਗ ਦੀ ਨਗਰ ਕੌਂਸਲ ਦੇ 140 ਸਾਲਾ ਪੁਰਾਣੇ ਇਤਿਹਾਸ ‘ਚ ਵੀ ਦੇਵੀ ਸ਼ਰਮਾ ਨੂੰ ਪਹਿਲੀ ਮਹਿਲਾ ਸਪੀਕਰ ਬਣਨ ਦਾ ਫਖਰ ਪ੍ਰਾਪਤ ਹੋਇਆ ਹੈ। ਉਨ੍ਹਾਂ ਦਾ ਜਨਮ ਜਨਰਲ ਹਸਪਤਾਲ, ਸੈਕਟਰ 16 ‘ਚ ਹੋਇਆ ਸੀ। ਉਹ ਪ੍ਰਾਇਮਰੀ ਸਕੂਲ ‘ਚ ਪੜ੍ਹਦਿਆਂ ਹੀ ਕੈਨੇਡਾ ਚਲੇ ਗਏ ਸਨ। ਉਨ੍ਹਾਂ ਦਾ ਪਰਿਵਾਰ ਸਿਆਸਤ ਨਾਲ ਕਈ ਪੀੜ੍ਹੀਆਂ ਤੋਂ ਜੁੜਿਆ ਹੋਇਆ ਹੈ। ਉਨ੍ਹਾਂ ਦੇ ਦਾਦਾ ਪੰਡਿਤ ਪ੍ਰਕਾਸ਼ ਚੰਦ ਆਜ਼ਾਦ ਭਾਰਤ ਦੇ ਪਿੰਡ ਮੁੱਲਾਂਪੁਰ ਦੇ ਪਹਿਲੇ ਸਰਪੰਚ ਬਣੇ ਸਨ। ਓਲਡ ਕਿਲਡੌਕਨ ਹਲਕਾ ਵਿਨੀਪੈੱਗ ਦੇ ਉੱਤਰ ‘ਚ ਸਥਿਤ ਹੈ ਅਤੇ ਇਸ ‘ਚ ਨੌਰਕ ਇੰਕਸਟਰ, ਐਂਬਰ ਟਰੇਲਜ਼, ਮੈਂਤੇਲ ਵੈਸਟ, ਗਾਰਡਨ ਸਿਟੀ, ਕੈਂਪਲਟਨ ਸਿਨਕਲੇਅਰ ਅਤੇ ਵਾਲਤਲਾ ਖੇਤਰ ਪੈਂਦੇ ਹਨ। ਉਨ੍ਹਾਂ ਦੇ ਪਿਤਾ ਸਸ਼ੀਲਾ ਕੁਮਾਰ ਸ਼ਰਮਾ ਨੇ ਦੱਸਿਆ ਕਿ ਦੇਵੀ ਪਿਛਲੇ 40 ਸਾਲਾਂ ਤੋਂ ਕੈਨੇਡਾ ਰਹਿ ਰਹੀ ਹੈ ਅਤੇ ਉਹ ਪਿਛਲੇ 42 ਸਾਲਾਂ ਤੋਂ ਕੈਨੇਡਾ ਰਹਿ ਰਹਿੰਦੇ ਹਨ।