ਐਨ ਐਨ ਬੀ
ਕੀਵ – ਯੂਕਰੇਨ ਦੇ ਲੋਕਾਂ ਨੇ ਸੰਸਦੀ ਚੋਣਾਂ ’ਚ ਭਾਰੀ ਉਤਸ਼ਾਹ ਦਿਖਾਇਆ। ਇਨ੍ਹਾਂ ਚੋਣਾਂ ਨਾਲ ਯੂਕਰੇਨ ਦਾ ਰੂਸ ਨਾਲੋਂ ਤੋੜ-ਵਿਛੋੜਾ ਹੋ ਜਾਵੇਗਾ। ਚੋਣਾਂ ਤੋਂ ਬਾਅਦ ਦੇਸ਼ ’ਚ ਅੰਦਰੂਨੀ ਜੰਗ ਹੋਰ ਤੇਜ਼ ਹੋਣ ਦਾ ਖਦਸ਼ਾ ਬਣ ਗਿਆ ਹੈ। ਮਾਸਕੋ ਪੱਖੀ ਰਾਸ਼ਟਰਪਤੀ ਵਿਕਟਰ ਯਾਨਕੋਵਿਚ ਨੂੰ ਕਰੀਬ ਅੱਠ ਮਹੀਨੇ ਪਹਿਲਾਂ ਸੱਤਾ ਤੋਂ ਲਾਹੁਣ ਬਾਅਦ ਯੂਕਰੇਨ ’ਚ ਇਹ ਵੋਟਾਂ ਪੈ ਰਹੀਆਂ ਹਨ।
ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਸੰਸਦ ’ਚ ਰਾਸ਼ਟਰਪਤੀ ਪੈਟਰੋ ਪੋਰੋਸ਼ੈਂਕੋ ਦੇ ਸਮਰਥਕ ਚੁਣੇ ਜਾਣਗੇ ਅਤੇ ਯੂਕਰੇਨ ਦਾ ਝੁਕਾਅ ਪੱਛਮ ਵੱਲ ਹੋਰ ਵਧ ਜਾਵੇਗਾ। ਪੋਰੋਸ਼ੈਂਕੋ ਦੀ ਪਾਰਟੀ ਨੂੰ ਸਿੱਧਾ ਬਹੁਮਤ ਮਿਲਣ ਦੇ ਆਸਾਰ ਨਹੀਂ ਹਨ ਅਤੇ ਉਨ੍ਹਾਂ ਨੂੰ ਕੱਟੜ ਪਾਰਟੀਆਂ ਤੋਂ ਹਮਾਇਤ ਲੈਣੀ ਪੈ ਸਕਦੀ ਹੈ। ਯੂਕਰੇਨ ਦੇ ਤਿੰਨ ਕਰੋੜ 65 ਲੱਖ ਵੋਟਰਾਂ ’ਚੋਂ ਕਰੀਮੀਆ, ਲੁਗੰਸਕ ਅਤੇ ਦੋਨੇਤਸਕ ਦੇ ਕਰੀਬ 50 ਲੱਖ ਵੋਟਰ ਇਨ੍ਹਾਂ ਚੋਣਾਂ ’ਚ ਹਿੱਸਾ ਨਹੀਂ ਲੈ ਰਹੇ। 450 ਸੀਟਾਂ ਵਾਲੀ ਸੰਸਦ ’ਚੋਂ 27 ਸੀਟਾਂ ਖਾਲੀ ਰਹਿਣਗੀਆਂ। ਪੈਟਰੋ ਪੋਰੋਸ਼ੈਂਕੋ ਨੇ ਵੋਟਾਂ ਤੋਂ ਇਕ ਦਿਨ ਪਹਿਲਾਂ ਕਿਹਾ ਕਿ ਨਵੀਂ ਸੰਸਦ ਦੀ ਚੋਣ ਸੁਧਾਰਵਾਦੀ, ਗੈਰ-ਭ੍ਰਿਸ਼ਟ, ਯੂਕਰੇਨ ਪੱਖੀ ਅਤੇ ਯੂਰਪ ਪੱਖੀ ਹੋਵੇਗੀ। ਇਸ ’ਚ ਰੂਸ ਪੱਖੀ ਕੋਈ ਨੁਮਾਇੰਦਾ ਨਹੀਂ ਹੋਵੇਗਾ। ਸੋਵੀਅਤ ਯੂਨੀਅਨ ਦੇ ਖਤਮ ਹੋਣ ਮਗਰੋਂ ਇਹ ਪਹਿਲੀ ਵਾਰ ਹੋਵੇਗਾ ਕਿ ਕਮਿਊਨਸਿਟ ਪਾਰਟੀ ਨੂੰ ਸੰਸਦ ’ਚ ਪਹੁੰਚਣ ਲਈ ਪੰਜ ਫੀਸਦੀ ਵੋਟਾਂ ਨਹੀਂ ਮਿਲਣਗੀਆਂ।