ਐਨ ਐਨ ਬੀ
ਚੰਡੀਗੜ੍ਹ – ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਅਨੁਸ਼ਾਸਨ ਕਾਇਮ ਕਰਨ ਅਤੇ ਅਧਿਆਪਕਾਂ ਦੀ 100 ਫ਼ੀਸਦੀ ਹਾਜ਼ਰੀ ਯਕੀਨੀ ਬਣਾਉਣ ਲਈ ਅੱਜ ਮੁੜ ਰਾਜ ਦੇ 904 ਸਰਕਾਰੀ ਸਕੂਲਾਂ ਦੀ ਇੱਕੋ ਸਮੇਂ ਚੈਕਿੰਗ ਕੀਤੀ ਗਈ। ਵਿਸ਼ੇਸ਼ ਨਿਰੀਖਣ ਸੈੱਲ ਵੱਲੋਂ ਬਣਾਈਆਂ ਟੀਮਾਂ ਦੁਆਰਾ ਕੀਤੀ ਜਾਂਚ ਦੌਰਾਨ 90 ਅਧਿਆਪਕ ਗੈਰ ਹਾਜ਼ਰ, 97 ਲੇਟ ਹਾਜ਼ਰ ਅਤੇ 69 ਲੰਬੇ ਸਮੇਂ ਤੋਂ ਗੈਰ ਹਾਜ਼ਰ ਪਾਏ ਗਏ। ਇਸੇ ਦੌਰਾਨ ਸਿੱਖਿਆ ਮੰਤਰੀ ਨੇ ਲੰਬੇ ਸਮੇਂ ਤੋਂ ਗੈਰ ਹਾਜ਼ਰ ਚੱਲ ਰਹੇ ਅਧਿਆਪਕਾਂ ਨੂੰ ਚਾਰਜਸ਼ੀਟ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਵਿਭਾਗੀ ਅਧਿਕਾਰੀਆਂ ਨੂੰ ਇਹ ਵੀ ਆਦੇਸ਼ ਦਿੱਤੇ ਹਨ ਕਿ ਸੂਬੇ ਦੇ ਸਮੂਹ ਸਕੂਲਾਂ ਵਿੱਚ ਲੰਬੇ ਸਮੇਂ ਤੋਂ ਗੈਰ ਹਾਜ਼ਰ ਚੱਲ ਰਹੇ ਅਧਿਆਪਕਾਂ ਦੀ ਸੂਚੀ ਬਣਾਈ ਜਾਵੇ ਅਤੇ ਉਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਗੈਰ ਹਾਜ਼ਰ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਉਨਾਂ ਦਾ ਪੱਖ ਸੁਣਨ ਮਗਰੋਂ ਅਗਲੇਰੀ ਕਾਰਵਾਈ ਕੀਤੀ ਜਾਵੇ।
ਅਧਿਕਾਰਤ ਤੌਰ ’ਤੇ ਜਾਰੀ ਹੋਏ ਪ੍ਰੈਸ ਬਿਆਨ ਵਿੱਚ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਪੜਤਾਲ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਫਰੀਦਕੋਟ ਮੰਡਲ ਵਿੱਚ 332 ਸਕੂਲਾਂ ਦੀ ਕੀਤੀ ਚੈਕਿੰਗ ਦੌਰਾਨ 48 ਅਧਿਆਪਕ ਗੈਰ ਹਾਜ਼ਰ, 47 ਲੇਟ ਹਾਜ਼ਰ ਅਤੇ 32 ਲੰਬੇ ਸਮੇਂ ਤੋਂ ਗੈਰ ਹਾਜ਼ਰ ਪਾਏ ਗਏ। ਨਾਭਾ (ਪਟਿਆਲਾ) ਮੰਡਲ ਵਿੱਚ 322 ਸਕੂਲਾਂ ਦੀ ਜਾਂਚ ਕੀਤੀ ਗਈ ਜਿਨਾਂ ਵਿੱਚ 12 ਅਧਿਆਪਕ ਗੈਰ ਹਾਜ਼ਰ, 12 ਲੇਟ ਹਾਜ਼ਰ ਅਤੇ 23 ਲੰਬੇ ਸਮੇਂ ਤੋਂ ਗੈਰ ਹਾਜ਼ਰ ਪਾਏ ਗਏ। ਜਲੰਧਰ ਮੰਡਲ ਦੇ 250 ਸਕੂਲਾਂ ਦੀ ਚੈਕਿੰਗ ਦੌਰਾਨ 30 ਅਧਿਆਪਕ ਗੈਰ ਹਾਜ਼ਰ, 37 ਲੇਟ ਹਾਜ਼ਰ ਅਤੇ 14 ਲੰਬੇ ਸਮੇਂ ਤੋਂ ਗੈਰ ਹਾਜ਼ਰ ਪਾਏ ਗਏ।