ਐਨ.ਐਨ. ਬੀ : ਅੰਮ੍ਰਿਤਸਰ – ਸ੍ਰੀ ਹਰਿਮੰਦਰ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀਆਂ ਮੋਬਾਇਲ ਫੋਨ ਰਾਹੀਂ ਧਮਕੀ ਦੇਣ ਵਾਲੇ ਇਕ ਵਿਅਕਤੀ ਨੂੰ ਪੁਲੀਸ ਨੇ ਕਾਬੂ ਕਰ ਲੈਣ ਦਾ ਦਾਅਵਾ ਕੀਤਾ ਹੈ। ਇਸ ਵਿਅਕਤੀ ਵੱਲੋਂ ਦਿੱਤੀ ਗਈ ਧਮਕੀ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਸੁਰੱਖਿਆ ਘੇਰਾ ਮਜ਼ਬੂਤ ਕਰ ਦਿੱਤਾ ਗਿਆ ਸੀ। ਫੜੇ ਗਏ ਵਿਅਕਤੀ ਦੀ ਸ਼ਨਾਖਤ ਕਮਲ ਵਰਮਾ ਵਾਸੀ ਮੁਜ਼ੱਫਰਨਗਰ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ। ਉਹ ਪਿਛਲੇ 15 ਦਿਨਾਂ ਤੋਂ ਇਥੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਸ੍ਰੀ ਗੁਰੂ ਰਾਮਦਾਸ ਸਰਾਂ ਵਿਚ ਠਹਿਰਿਆ ਹੋਇਆ ਸੀ। ਇਸੇ ਦੌਰਾਨ ਹੀ ਉਸ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਪ੍ਰਤਾਪ ਸਿੰਘ ਨੂੰ ਮੋਬਾਇਲ ਫੋਨ ‘ਤੇ ਧਮਕੀ ਦਿੱਤੀ ਸੀ।
ਪੁਲੀਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਸ ਵਿਅਕਤੀ ਨੇ ਦੱਸਿਆ ਕਿ ਉਹ ਇਥੇ ਸਰਾਂ ਵਿਚ ਰਹਿ ਰਿਹਾ ਸੀ ਉਸ ਨੇ ਸ਼ੋ੍ਰਮਣੀ ਕਮੇਟੀ ਦੇ ਟੈਲੀਫੋਨ ਨੰਬਰਾਂ ਵਾਲੀ ਡਾਇਰੈਕਟਰੀ ਵਿਚੋਂ ਮੈਨੇਜਰ ਪ੍ਰਤਾਪ ਸਿੰਘ ਦਾ ਨੰਬਰ ਪ੍ਰਾਪਤ ਕੀਤਾ ਸੀ। ਵਧੀਕ ਡਿਪਟੀ ਕਮਿਸ਼ਨਰ ਹਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਸ ਵਿਅਕਤੀ ਦਾ ਬੈਗ ਸਰਾਂ ਵਿਚੋਂ ਗੁੰਮ ਹੋ ਗਿਆ ਸੀ। ਇਹ ਵਿਅਕਤੀ ਦੱਸਦਾ ਹੈ ਕਿ ਉਸ ਨੇ ਇਹ ਧਮਕੀ ਭਰਿਆ ਫੋਨ ਇਸ ਲਈ ਕੀਤਾ ਤਾਂ ਜੋ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਅਤੇ ਬਾਹਰ ਸੁਰੱਖਿਆ ਪ੍ਰਬੰਧ ਮਜ਼ਬੂਤ ਹੋ ਜਾਣ ਅਤੇ ਕਿਸੇ ਹੋਰ ਦਾ ਬੈਗ ਚੋਰੀ ਨਾ ਹੋਵੇ।
ਮੁੱਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਹ ਵਿਅਕਤੀ ਬੇਰੁਜ਼ਗਾਰ ਅਤੇ ਦਿਮਾਗੀ ਪੱਖੋਂ ਕਮਜ਼ੋਰ ਹੈ। ਫਿਲਹਾਲ ਪੁਲੀਸ ਵੱਲੋਂ ਅਗਲੀ ਜਾਂਚ ਕੀਤੀ ਜਾ ਰਹੀ ਹੈ।
ਉਸ ਵੱਲੋਂ ਵਰਤਿਆ ਜਾ ਰਿਹਾ ਸਿਮ ਕਾਰਡ, ਉਸ ਦਾ ਆਪਣਾ ਨਹੀਂ ਸੀ ਅਤੇ ਇਹ ਰੁੜਕੀ ਤੋਂ ਕਿਸੇ ਔਰਤ ਦਾ ਸੀ। ਪੁਲੀਸ ਵੱਲੋਂ ਕੀਤੀ ਜਾਂਚ ਅਨੁਸਾਰ ਉਸ ਔਰਤ ਨੇ ਆਪਣਾ ਮੋਬਾਇਲ ਫੋਨ ਕਿਸੇ ਮਕੈਨਿਕ ਨੂੰ ਠੀਕ ਕਰਨ ਲਈ ਦਿੱਤਾ ਸੀ ਪਰ ਜਦੋਂ ਵਾਪਸ ਲਿਆ ਤਾਂ ਉਸ ਵਿੱਚ ਸਿਮ ਨਹੀਂ ਸੀ। ਇਸ ਦੀਆਂ ਕੜੀਆਂ ਨੂੰ ਜੋੜਦੀ ਹੋਈ ਪੁਲੀਸ ਇਸ ਮੁਲਜ਼ਮ ਤੱਕ ਪਹੁੰਚ ਗਈ।