ਐਨ ਐਨ ਬੀ
ਵਿਸ਼ਾਖਾਪਟਨਮ/ ਭੁਵਨੇਸ਼ਵਰ – ਸਮੁੰਦਰੀ ਤੂਫਾਨ ‘ਹੁਦਹੁਦ’ ਨੇ ਆਂਧਰਾ ਪ੍ਰਦੇਸ਼ ਅਤੇ ਉੜੀਸਾ ਦੇ ਤਟਵਰਤੀ ਜ਼ਿਲ੍ਹਿਆਂ ’ਚ ਭਾਰੀ ਤਬਾਹੀ ਮਚਾਈ ਹੈ। ਭਾਰੀ ਬਾਰਸ਼ ਅਤੇ ਹਨੇਰੀ ਕਾਰਨ ਛੇ ਵਿਅਕਤੀਆਂ ਦੀ ਜਾਨ ਚਲੇ ਜਾਣ ਅਤੇ ਵਿਸ਼ਾਖਾਪਟਨਮ ’ਚ ਤੂਫਾਨ ਦੇ ਪਹੁੰਚਣ ’ਤੇ ਭਾਰੀ ਨੁਕਸਾਨ ਹੋਇਆ ਹੈ। ਤੂਫਾਨ ਦੇ ਅਸਰ ਕਰਕੇ ਜਨਜੀਵਨ ਠੱਪ ਹੋ ਗਿਆ ਹੈ ਅਤੇ ਬਿਜਲੀ ਤੇ ਸੰਚਾਰ ਸੰਪਰਕ ਬਿਲਕੁੱਲ ਟੁੱਟ ਗਏ ਹਨ। ਵਿਸ਼ਾਖਾਪਟਨਮ, ਸ੍ਰੀਕਾਕੂਲਮ ਤੇ ਵਿਜਿਆਨਗਰਮ ਜ਼ਿਲ੍ਹਿਆਂ ’ਚ 170 ਤੋਂ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚਲੀਆਂ। ਥਾਂ -ਥਾਂ ’ਤੇ ਦਰਖਤ ਪੁੱਟੇ ਗਏ ਅਤੇ ਕਈ ਘਰਾਂ ਦੀਆਂ ਛੱਤਾਂ ਉੱਡ ਗਈਆਂ। ਅਧਿਕਾਰੀਆਂ ਮੁਤਾਬਕ ਢਾਈ ਲੱਖ ਲੋਕਾਂ ਨੂੰ ਆਂਧਰਾ ਪ੍ਰਦੇਸ਼ ਅਤੇ ਕਰੀਬ ਇੱਕ ਲੱਖ ਲੋਕਾਂ ਨੂੰ ਉੜੀਸਾ ’ਚੋਂ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ ਜਦਕਿ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਜਾ ਰਿਹਾ ਹੈ।
ਆਂਧਰਾ ਪ੍ਰਦੇਸ਼ ਦੇ ਆਫਤ ਪ੍ਰਬੰਧਨ ਵਿਭਾਗ ਮੁਤਾਬਕ ਤੂਫਾਨ ਕਰਕੇ ਵਿਸ਼ਾਖਾਪਟਮਨ ਦੀਆਂ ਰੇਲ ਲਾਈਨਾਂ ਅਤੇ ਹਵਾਈ ਅੱਡੇ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਮੁਤਾਬਕ ‘ਹੁਦਹੁਦ’ ਦਾ ਦੋ ਲੱਖ 48 ਹਜ਼ਾਰ ਲੋਕਾਂ ’ਤੇ ਅਸਰ ਪਿਆ ਹੈ ਅਤੇ 70 ਘਰ ਨੁਕਸਾਨੇ ਗਏ ਤੇ 34 ਪਸ਼ੂ ਮਾਰੇ ਗਏ।
ਆਂਧਰਾ ਪ੍ਰਦੇਸ਼ ’ਚ ਬਾਰਸ਼ ਕਰਕੇ ਤਿੰਨ ਵਿਅਕਤੀ ਮਾਰੇ ਗਏ ਜਦਕਿ ਉੜੀਸਾ ’ਚ ਦੋ ਮੌਤਾਂ ਹੋਈਆਂ ਹਨ। ਦੋ ਬੰਦਿਆਂ ’ਤੇ ਦਰਖ਼ਤ ਡਿੱਗਣ ਅਤੇ ਇੱਕ ਦੀ ਦੀਵਾਰ ਡਿੱਗਣ ਨਾਲ ਮੌਤ ਹੋਈ ਹੈ। ਇਹ ਮੌਤਾਂ ਵਿਸ਼ਾਖਾਪਟਮਨ ਅਤੇ ਸ੍ਰੀਕਾਕੂਲਮ ਜ਼ਿਲਿਆਂ ’ਚ ਹੋਈਆਂ ਹਨ। ਉੜੀਸਾ ’ਚ ਇੱਕ ਮਛੇਰਾ ਉੱਚੀਆਂ ਲਹਿਰਾਂ ਤੋਂ ਕਿਸ਼ਤੀ ਬਚਾਉਂਦਿਆਂ ਆਪਣੀ ਜਾਨ ਗੁਆ ਬੈਠਿਆ ਹੈ। ਜਦਕਿ 9 ਸਾਲ ਦੇ ਬੱਚੇ ਦੀ ਕੱਲ੍ਹ ਉਸ ਸਮੇਂ ਡੁੱਬ ਕੇ ਮੌਤ ਹੋ ਗਈ ਸੀ ਜਦੋਂ ਉਸ ਨੂੰ ਬਚਾਉਣ ਗਈ ਕਿਸ਼ਤੀ ਡੁੱਬ ਗਈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ‘ਹੁਦਹੁਦ’ ਅੱਗੇ ਵਧ ਗਿਆ ਹੈ ਅਤੇ ਇਸ ਨਾਲ ਇਹ ਕਮਜ਼ੋਰ ਪੈ ਗਿਆ ਹੈ। ਵਿਭਾਗ ਮੁਤਾਬਕ ਅਗਲੇ ਤਿੰਨ ਦਿਨਾਂ ਤੱਕ ਛੱਤੀਸਗੜ੍ਹ, ਬਿਹਾਰ, ਪੂਰਬੀ ਮੱਧ ਪ੍ਰਦੇਸ਼, ਪੂਰਬੀ ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ’ਚ ਭਾਰੀ ਵਰਖਾ ਹੋ ਸਕਦੀ ਹੈ। ਉਧਰ ਉੜੀਸਾ ਦੇ ਦੱਖਣੀ ਜ਼ਿਲ੍ਹਿਆਂ ਗੰਜਮ, ਰਾਜਪਤੀ ਅਤੇ ਕੰਧਮਾਲ ’ਚ ਵੀ ‘ਹੁਦਹੁਦ’ ਕਰਕੇ ਭਾਰੀ ਬਾਰਸ਼ ਹੋਈ ਹੈ ਅਤੇ ਹੜ੍ਹਾਂ ਦਾ ਖਤਰਾ ਵਧ ਗਿਆ ਹੈ। ਕਈ ਦਰਿਆਵਾਂ ਦਾ ਪਾਣੀ ਚੜ੍ਹ ਗਿਆ ਹੈ ਅਤੇ ਪ੍ਰਸ਼ਾਸਨ ਨੇ ਬਚਾਅ ਕਾਰਜਾਂ ਦੀ ਤਿਆਰੀ ਆਰੰਭ ਦਿੱਤੀ ਹੈ।
ਮੋਦੀ ਵੱਲੋਂ ਮਦਦ ਦਾ ਭਰੋਸਾ ਤੇ ਨਾਇਡੂ ਨੇ ਦੋ ਹਜ਼ਾਰ ਕਰੋੜ ਮੰਗੇ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਨੂੰ ਤੂਫਾਨ ‘ਹੁਦਹੁਦ’ ਨਾਲ ਹੋਏ ਨੁਕਸਾਨ ਲਈ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਸ੍ਰੀ ਨਾਇਡੂ ਨਾਲ ਰਾਹਤ ਅਤੇ ਬਚਾਅ ਕਾਰਜਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਹੈ। ਓਧਰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰ ਬਾਬੂ ਨਾਇਡੂ ਨੇ ਤੂਫਾਨ ਨੂੰ ਕੌਮੀ ਪੱਧਰ ਦੀ ਕੁਦਰਤੀ ਕਰੋਪੀ ਐਲਾਨਣ ਦੀ ਮੰਗ ਕੀਤੀ ਹੈ ਅਤੇ ਆਰਜ਼ੀ ਤੌਰ ’ਤੇ ਦੋ ਹਜ਼ਾਰ ਕਰੋੜ ਰੁਪਏ ਦੇ ਰਾਹਤ ਪੈਕਜ ਦੀ ਵੀ ਮੰਗ ਕੀਤੀ ਹੈ।