ਭਾਰਤੀ ਸਫ਼ੀਰ ਰਹੇ ਨਾਂਬਿਆਰ ਬਾਰੇ ਜਾਰੀ ਹੋਏ ਬ੍ਰਿਟਿਸ਼ ਦਸਤਾਵੇਜ਼
ਐਨ ਐਨ ਬੀ
ਲੰਡਨ – ਆਜ਼ਾਦੀ ਘੁਲਾਟੀਏ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਡਿਪਟੀ ਰਹੇ ਅਤੇ ਪੰਡਤ ਜਵਾਹਰ ਲਾਲ ਨਹਿਰੂ ਦੇ ਦੋਸਤ ਵਜੋਂ ਜਾਣੇ ਜਾਂਦੇ ਏਸੀਐਨ ਨਾਂਬਿਆਰ ਸੋਵੀਅਤ ਯੂਨੀਅਨ ਦੇ ਜਾਸੂਸ ਸਨ। ਇਹ ਖ਼ੁਲਾਸਾ ਨਸ਼ਰ ਕੀਤੇ ਗਏ ਦਸਤਾਵੇਜ਼ਾਂ ਤੋਂ ਹੋਇਆ ਹੈ। ਦਸਤਾਵੇਜ਼ਾਂ ’ਚ ਕਿਹਾ ਗਿਆ ਹੈ ਕਿ ਨਾਂਬਿਆਰ 1924 ’ਚ ਪੱਤਰਕਾਰ ਵਜੋਂ ਬਰਲਿਨ ਪਹੁੰਚੇ ਅਤੇ ਉਨ੍ਹਾਂ ਭਾਰਤੀ ਕਮਿਊਨਿਸਟ ਧੜੇ ਨਾਲ ਕੰਮ ਕੀਤਾ। ਬਾਅਦ ਵਿੱਚ ਉਹ 1929 ’ਚ ਸੋਵੀਅਤ ਮਹਿਮਾਨ ਵਜੋਂ ਮਾਸਕੋ ਵੀ ਗਏ।
ਰਾਸ਼ਟਰੀ ਪੁਰਾਲੇਖ ’ਚ ਜਨਤਕ ਕੀਤੇ ਗਏ ਇਨ੍ਹਾਂ ਦਸਤਾਵੇਜ਼ਾਂ ’ਚ ਦੱਸਿਆ ਗਿਆ ਹੈ ਕਿ ਦੂਜੀ ਵਿਸ਼ਵ ਜੰਗ ਦੇ ਸ਼ੁਰੂ ਹੋਣ ’ਤੇ ਨਾਂਬੀਆਰ ਨੂੰ ਜਰਮਨੀ ’ਚੋਂ ਕੱਢ ਦਿੱਤਾ ਗਿਆ ਸੀ ਪਰ ਬਾਅਦ ’ਚ ਸੁਭਾਸ਼ ਚੰਦਰ ਬੋਸ ਦੇ ਡਿਪਟੀ ਵਜੋਂ ਉਸ ਨੂੰ ਬਰਲਿਨ ’ਚ ਪਰਤਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ। ਜਦੋਂ ਬੋਸ ਜਪਾਨੀਆਂ ਨਾਲ ਰਲਣ ਲਈ ਪੂਰਬ ਵੱਲ ਵਧੇ ਤਾਂ ਨਾਂਬੀਆਰ ਯੂਰਪ ’ਚ ਫਰੀ ਇੰਡੀਆ ਮੂਵਮੈਂਟ ਦਾ ਜਰਮਨ ਆਧਾਰਤ ਆਗੂ ਬਣ ਗਿਆ ਸੀ।
ਪੁਰਾਲੇਖ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਉਹ ਭਾਰਤੀ ਫੌਜੀਆਂ ਦੇ ਦਲ ਨੂੰ ਲੈ ਕੇ ਵੀ ਫਿਕਰਮੰਦ ਸੀ, ਜਿਨ੍ਹਾਂ ’ਚ ਭਾਰਤੀ ਜੰਗੀ ਕੈਦੀ ਵੀ ਸ਼ਾਮਲ ਸਨ ਅਤੇ ਇਨ੍ਹਾਂ ਨੂੰ 1944 ’ਚ ਸੋਵੀਅਤ ਜਾਸੂਸ ਬਣਾ ਦਿੱਤਾ ਗਿਆ ਸੀ। ਨਾਂਬੀਆਰ ਨੂੰ ਜੂਨ 1945 ’ਚ ਆਸਟਰੀਆ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਨਾਜ਼ੀਆਂ ਦਾ ਸਹਿਯੋਗੀ ਹੋਣ ਕਰਕੇ ਉਸ ਤੋਂ ਪੁੱਛਗਿੱਛ ਵੀ ਕੀਤੀ ਗਈ।
ਵਿਸ਼ਵ ਜੰਗ ਤੋਂ ਬਾਅਦ ਨਾਂਬੀਆਰ ਨੇ ਬਰਨ ’ਚ ਭਾਰਤੀ ਦੂਤਾਵਾਸ ਕਾਊਂਸਲਰ ਵਜੋਂ ਵੀ ਕੰਮ ਕੀਤਾ। ਉਹ ਸਕੈਂਡੀਨੇਵੀਆ ਅਤੇ ਪੱਛਮੀ ਜਰਮਨੀ ਦੇ ਭਾਰਤੀ ਸਫ਼ੀਰ ਵੀ ਰਹੇ। ਬਾਅਦ ’ਚ ‘ਹਿੰਦੁਸਤਾਨ ਟਾਈਮਜ਼’ ਅਖ਼ਬਾਰ ਦੇ ਯੂਰਪ ਤੋਂ ਪੱਤਰਕਾਰ ਵੀ ਬਣੇ। ਦਸਤਾਵੇਜ਼ਾਂ ’ਚ ਕਿਹਾ ਗਿਆ ਹੈ ਕਿ ਆਖਰੀ ਤਾਇਨਾਤੀ ਸਨਅਤੀ ਖ਼ੁਫੀਆ ਜਾਣਕਾਰੀ ਹਾਸਲ ਕਰਨ ਲਈ ਸੀ। ਨਾਂਬੀਆਰ ਦੇ ਸੋਵੀਅਤ ਜਾਸੂਸ ਹੋਣ ਦਾ ਪਤਾ 1959 ’ਚ ਲੱਗਿਆ ਅਤੇ ਇਕ ਬਾਗ਼ੀ ਨੇ ਦੱਸਿਆ ਕਿ ਉਹ ਸੋਵੀਅਤ ਖ਼ੁਫ਼ੀਆ ਏਜੰਸੀ ਜੀਆਰਯੂ ਦਾ 1920 ਤੋਂ ਏਜੰਟ ਸੀ। ਬ੍ਰਿਟਿਸ਼ ਦਸਤਾਵੇਜ਼ਾਂ ’ਚ ਨੇਤਾਜੀ ਦੀ ਅਗਵਾਈ ਹੇਠਲੀ ਜਥੇਬੰਦੀ ਆਜ਼ਾਦ ਹਿੰਦ ਫ਼ੌਜ ਦੀਆਂ ਜਰਮਨੀ ਅਤੇ ਯੂਰਪ ’ਚ ਸਰਗਰਮੀਆਂ ਬਾਰੇ ਵੇਰਵੇ ਵੀ ਦਰਜ ਹਨ।
ਜਨਤਕ ਕੀਤੀਆਂ ਗਈਆਂ ਫਾਈਲਾਂ ’ਚ ਨਾਂਬੀਆਰ ਵੱਲੋਂ ਬੋਸ ਨੂੰ ਲਿਖੀਆਂ ਚਿੱਠੀਆਂ ਵੀ ਸ਼ਾਮਲ ਹਨ ਜੋ ਦੂਜੀ ਵਿਸ਼ਵ ਜੰਗ ਸਮੇਂ ਆਤਮ ਸਮਰਪਣ ਕਰਨ ਵਾਲੀ ਜਰਮਨ ਪਣਡੁੱਬੀ ’ਚੋਂ ਬਰਾਮਦ ਹੋਈਆਂ ਸਨ। ਫਾਈਲਾਂ ’ਚ ਵੀ ਡਬਲਿਊ ਸਮਿਥ ਵੱਲੋਂ ਲਿਖਿਆ ਗਿਆ ਨੋਟ ਵੀ ਸ਼ਾਮਲ ਹੈ, ਜਿਸ ’ਚ ਕਿਹਾ ਗਿਆ ਹੈ ਕਿ ਨਾਂਬੀਆਰ ਦੇ ਪੰਡਤ ਨਹਿਰੂ ਨਾਲ ਨੇੜਲੇ ਸਬੰਧ ਸਨ। ਦਸਤਾਵੇਜ਼ਾਂ ਮੁਤਾਬਕ ਭਾਰਤੀ ਡਿਪਲੋਮੈਟ ਬਣਾਉਣ ਲਈ ਨਾਂਬਿਆਰ ਪੁਰਾਣੇ ਮਿੱਤਰ ਪੰਡਤ ਨਹਿਰੂ ਦੇ ਸ਼ੁਕਰਗੁਜ਼ਾਰ ਸਨ ਅਤੇ ਉਸ ਨੇ ਕਿਹਾ ਸੀ ਕਿ ਪੰਡਤ ਨਹਿਰੂ ਨੇ ਉਨ੍ਹਾਂ ਨੂੰ ਕਰਜ਼ਦਾਰ ਬਣਾ ਦਿੱਤਾ ਹੈ।