Contents
ਕਾਂਗਰਸ ਤੇ ਐਨ. ਸੀ. ਪੀ. ਵਿਚਾਲੇ ਵੀ ਵਧੇਰੇ ਸੀਟਾਂ ਲਈ ਖਿਚੋਤਾਣ ਜਾਰੀ
ਮੁੰਬਈ – ਅਟੱਲ-ਅਡਵਾਨੀ ਤੇ ਬਾਲਾ ਸਾਹਿਬ ਠਾਕਰੇ ਦੇ ਵਕਤਾਂ ਦਾ ਪੱਥਰ ’ਤੇ ਲਕੀਰ ਵਰਗਾ ਭਾਜਪਾ-ਸ਼ਿਵ ਸੈਨਾ ਗਠਜੋੜ ਮੋਦੀ-ਅਮਿਤ ਸ਼ਾਹ ਤੇ ਊਧਵ ਠਾਕਰੇ ਦੇ ਦੌਰ ਵਿੱਚ ‘ਟੁੱਟ ਗਈ ਤੜੱਕ ਕਰਕੇ’ ਦੇ ਹਾਲਾਤ ਵੱਲ ਵਧ ਰਿਹਾ ਹੈ। ਮਹਾਰਾਸ਼ਟਰ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਭਾਜਪਾ-ਸ਼ਿਵ ਸੈਨਾ ਵਿਚਕਾਰ ਅੜਿੱਕਾ ਗਠਜੋੜ ਸਿਆਸਤ ਦੇ ਆਮ ਰਝਾਨ ਦੀ ਥਾਂ ਅੜੀਅਲ ਮੋੜ ’ਤੇ ਚਲਾ ਗਿਆ ਹੈ ਅਤੇ ਦੋਵੇਂ ਧਿਰਾਂ ਜਿਦ ’ਤੇ ਕਾਇਮ ਹਨ। ਇਨ੍ਹਾਂ ਹਾਲਾਤ ਵਿੱਚ 25 ਸਾਲਾ ਪੁਰਾਣਾ ਗੱਠਜੋੜ ’ਚ ਤਰੇੜ ਪੈਂਦਾ ਨਜ਼ਰ ਆ ਰਹੀ ਹੈ। ਭਾਜਪਾ 135 ਸੀਟਾਂ ਲੈਣ ਲਈ ਅੜੀ ਹੋਈ ਹੈ, ਜਦਕਿ ਸ਼ਿਵ ਸੈਨਾ ਮੁਖੀ ਊਧਵ ਠਾਕਰੇ 119 ਤੋਂ ਵੱਧ ਸੀਟਾਂ ਨਾ ਦੇਣ ਲਈ ਡਟੇ ਹੋਏ ਹਨ।
ਸ੍ਰੀ ਠਾਕਰੇ ਦੀ ਅੜੀ ਕਾਰਨ ਭਾਜਪਾ ਦੇ ਆਗੂਆਂ ਨੇ ਹਾਈ ਕਮਾਂਡ ਨੂੰ ਸੁਨੇਹਾ ਦਿੱਤਾ ਹੈ ਕਿ ਜੇਕਰ ਸ਼ਿਵ ਸੈਨਾ ਸਨਮਾਨਜਨਕ ਸੀਟਾਂ ਲਈ ਸਹਿਮਤ ਨਹੀਂ ਹੁੰਦੀ ਤਾਂ ਪਾਰਟੀ ਨੂੰ ਇਕੱਲਿਆਂ ਹੀ 15 ਅਕਤੂਬਰ ਨੂੰ ਮੈਦਾਨ ’ਚ ਨਿਤਰਨਾ ਚਾਹੀਦਾ ਹੈ।
ਮੁੰਬਈ ’ਚ ਸ਼ਿਵ ਸੈਨਾ ਨੇ ਸਪਸ਼ਟ ਕੀਤਾ ਹੈ ਕਿ ਉਹ ਮਹਾਰਾਸ਼ਟਰ ’ਚ 288 ਸੀਟਾਂ ’ਚੋਂ 119 ਸੀਟਾਂ ਭਾਜਪਾ ਨੂੰ ਦੇਣ ਲਈ ਤਿਆਰ ਹੈ ਅਤੇ ਸੀਟਾਂ ਦੀ ਵੰਡ ਨੂੰ ਲੈ ਕੇ ਚਲ ਰਹੀ ਖਿੱਚੋਤਾਣ ਨੂੰ ਖਤਮ ਕਰਨ ਦੀ ਇਹ ਅੰਤਿਮ ਕੋਸ਼ਿਸ਼ ਹੈ। ਊਧਵ ਠਾਕਰੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੈਨਾ ਸੁਪਰੀਮੋ ਬਾਲ ਠਾਕਰੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ 2002 ਦੇ ਗੁਜਰਾਤ ਦੰਗਿਆਂ ਤੋਂ ਬਾਅਦ ਉਨ੍ਹਾਂ (ਮੋਦੀ) ਦਾ ਪੱਖ ਪੂਰਿਆ ਸੀ। ਹੁਣ ਭਾਜੀ ਮੋੜਨ ਦਾ ਸਮਾਂ ਹੈ ਅਤੇ ਸ਼ਿਵ ਸੈਨਾ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ।
ਕਾਂਗਰਸ ਵੱਲੋਂ ਐਨ.ਸੀ.ਪੀ. ਗਠਜੋੜ ਵਿੱਚ ਵੀ ਖਿਚੋਤਾਣ ਜਾਰੀ
ਓਧਰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੌਰਾਨ ਨੈਸ਼ਨਲ ਕਾਂਗਰਸ ਪਾਰਟੀ (ਐਨ.ਸੀ.ਪੀ.) ਨੇ ਵੀ ਕਾਂਗਰਸ ਕੋਲੋਂ ‘ਬਣਦਾ ਹੱਕ’ ਲੈਣ ਦੀ ਮੁਹਾਰਨੀ ਛੇੜ ਲਈ ਹੈ। ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਮਾਨਿਕ ਰਾਓ ਠਾਕਰੇ ਆਪਣੀ ਭਾਈਵਾਲ ਐਨ.ਸੀ.ਪੀ. ਨੂੰ ਕੁਝ ਹੋਰ ਸੀਟਾਂ ਦੇਣ ਦਾ ਸੰਕੇਤ ਤਾਂ ਦੇ ਰਹੇ ਹਨ, ਪਰ ਆਖਰੀ ਫੈਸਲਾ ਹਾਲੇ ਹੋਣ ਵਾਲਾ ਹੈ। ਐਨ.ਸੀ.ਪੀ. ਦੇ ਸੀਨੀਅਰ ਆਗੂ ਪ੍ਰਫੁਲ ਪਟੇਲ ਨੇ ਕਿਹਾ ਕਿ ਉਹ ਆਪਣੀ 144 ਸੀਟਾਂ ਦੀ ਮੰਗ ਉੱਤੇ ਪੂਰੀ ਤਰ੍ਹਾਂ ਕਾਇਮ ਹਨ ਤੇ ਕਾਂਗਰਸ ਵੱਲੋਂ ਅਜੇ ਤੱਕ ਕੋਈ ਨਵੀਂ ਤਜਵੀਜ਼ ਨਹੀਂ ਆਈ ਹੈ। ਕਾਂਗਰਸ ਗੱਠਜੋੜ ਵਿੱਚ ਖੜੋਤ ਨੂੰ ਤੋੜਨ ਲਈ ਮੀਡੀਆ ਦੀ ਥਾਂ ਸਾਂਝੀ ਮੀਟਿੰਗ ਨੂੰ ਮੰਗ ਦਾ ਮੰਚ ਬਣਾਏ ਜਾਣ ਦਾ ਸੰਕੇਤ ਦੇ ਰਹੀ ਹੈ।
ਦੂਜੇ ਪਾਸੇ ਮਹਾਰਾਸ਼ਟਰ ਦੇ ਕਾਂਗਰਸੀ ਆਗੂ ਜਿਨ੍ਹਾਂ ਵਿੱਚ ਮੁੱਖ ਮੰਤਰੀ ਪ੍ਰਿਥਵੀ ਰਾਜ ਚਵਾਨ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਮਾਨਿਕ ਰਾਓ ਠਾਕਰੇ ਸ਼ਾਮਲ ਹਨ, ਕਾਂਗਰਸ ਦੇ ਕੇਂਦਰੀ ਆਗੂਆਂ ਨਾਲ ਵਿਚਾਰ-ਵਟਾਂਦਰੇ ਵਿੱਚ ਲੱਗੇ ਹਨ।
ਕਾਂਗਰਸ ਦੇ ਕੁਝ ਆਗੂਆਂ ਦਾ ਮੰਨਣਾ ਹੈ ਕਿ ਉਪ ਮੁੱਖ ਮੰਤਰੀ ਅਜੀਤ ਪਵਾਰ ਦੋਵਾਂ ਪਾਰਟੀਆਂ ਵਿੱਚ ਕਥਿਤ ਤੌਰ ਉੱਤੇ ਮੁੱਖ ਅੜਿੱਕਾ ਹੈ।
ਇਥੇ ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਲਈ 15 ਅਕਤੂਬਰ ਦੀ ਤਰੀਕ ਸਿਰ ’ਤੇ ਆ ਗਈ ਹੈ ਅਤੇ ਦੋਵੇਂ ਗਠਜੋੜ ਬਹੁਤਾ ਸਮਾਂ ਇੰਤਜਾਰ ਨਹੀਂ ਕਰ ਸਕਦੇ। ਇੰਤਜਾਰ ਦੀਆਂ ਘੜੀਆਂ ਦੇ ਅਲਟੀਮੇਟਮ ਅੰਤ ਨੂੰ ਹੈਰਾਨੀਜਨਕ ਮੋੜ ਕੱਟਦੇ ਨਜ਼ਰ ਵੀ ਆ ਸਕਦੇ ਹਨ। ਐਨ. ਸੀ. ਪੀ. ਦੇ ਅੰਦਰੂਨੀ ਸੂਤਰ ਅਜਿਹੇ ਸੰਕੇਤ ਹੀ ਦੇ ਰਹੇ ਹਨ।